ਜਲੰਧਰ/ਚੰਡੀਗੜ੍ਹ (ਧਵਨ)- ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅੰਮ੍ਰਿਤਸਰ ਨੇ ਸਰਹੱਦ ਪਾਰੋਂ ਹਥਿਆਰਾਂ ਅਤੇ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਮਾਡਿਊਲ ਦਾ ਪਰਦਾਫਾਸ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ’ਚ ਪਿਓ-ਪੁੱਤ ਵੀ ਸ਼ਾਮਲ ਹਨ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ .30 ਬੋਰ ਅਸਾਲਟ ਰਾਈਫਲ, 2 ਹੈਂਡ ਗ੍ਰੇਨੇਡ ਅਤੇ 13 ਵਿਦੇਸ਼ ’ਚ ਬਣੇ ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਪਿੰਡ ਬੱਲ੍ਹੜਵਾਲ ਨਿਵਾਸੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਪੁੱਤਰ ਜਸਕਰਨ ਸਿੰਘ, ਬਟਾਲਾ ਦੇ ਸੱਗਰਪੁਰ ਨਿਵਾਸੀ ਵੀਨੂ, ਪਿੰਡ ਰਸੂਲਪੁਰ ਨਿਵਾਸੀ ਅੰਮ੍ਰਿਤਪਾਲ ਸਿੰਘ ਅਤੇ ਪਿੰਡ ਗੌਂਸਪੁਰਾ ਨਿਵਾਸੀ ਗੌਰਵ ਮਸੀਹ ਵਜੋਂ ਹੋਈ ਹੈ। ਪੁਲਸ ਅਨੁਸਾਰ ਬਰਾਮਦ ਹਥਿਆਰਾਂ ’ਚ ਚਾਰ 9 ਐੱਮ. ਐੱਮ. ਗਲੌਕ ਪਿਸਤੌਲ ਅਤੇ ਨੌਂ .30 ਬੋਰ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ 25 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੇ ਹਥਿਆਰਾਂ ਅਤੇ ਧਮਾਕਾਖੇਜ਼ ਪਦਾਰਥਾਂ ਦੀ ਖੇਪ ਨੂੰ ਲਿਆਉਣ-ਲਿਜਾਣ ’ਚ ਵਰਤੇ ਜਾ ਰਹੇ 2 ਮੋਟਰਸਾਈਕਲ ਵੀ ਜ਼ਬਤ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਵਿਦੇਸ਼ ’ਚ ਬੈਠੇ ਇਕ ਸਮੱਗਲਰ ਦੇ ਸੰਪਰਕ ’ਚ ਹਨ। ਦੋਵੇਂ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਜਾਣ ਵਾਲੀ ਹਥਿਆਰਾਂ, ਅਸਲੇ ਅਤੇ ਧਮਾਕਾਖੇਜ਼ ਪਦਾਰਥਾਂ ਦੀ ਖੇਪ ਚੁੱਕਦੇ ਸਨ। ਇਸ ਤੋਂ ਬਾਅਦ ਇਹ ਹਥਿਆਰ ਆਪਣੇ ਹੋਰ ਸਾਥੀਆਂ ਰਾਹੀਂ ਅੱਗੇ ਪਹੁੰਚਾਉਂਦੇ ਸਨ।
ਜਾਣਕਾਰੀ ’ਚ ਸਾਹਮਣੇ ਆਇਆ ਕਿ ਪਿਓ-ਪੁੱਤ ਅਜਨਾਲਾ ਦੇ ਪਿੰਡ ਠੇਠੀ (ਤੇਰੀ) ਨੇੜੇ ਆਪਣੇ ਸਾਥੀਆਂ ਵੀਨੂ, ਅੰਮ੍ਰਿਤਪਾਲ ਸਿੰਘ ਅਤੇ ਗੌਰਵ ਮਸੀਹ ਨੂੰ ਮਿਲਣ ਵਾਲੇ ਸਨ, ਜਿੱਥੇ ਉਨ੍ਹਾਂ ਨੂੰ ਹਥਿਆਰਾਂ ਅਤੇ ਧਮਾਕਾਖੇਜ਼ ਪਦਾਰਥਾਂ ਦੀ ਖੇਪ ਸੌਂਪਣੀ ਸੀ। ਸੂਚਨਾ ਮਿਲਦਿਆਂ ਹੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਦੱਸੀ ਗਈ ਜਗ੍ਹਾ ’ਤੇ ਛਾਪਾ ਮਾਰ ਕੇ ਪੰਜਾਂ ਮੁਲਜ਼ਮਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਵਿਦੇਸ਼ ’ਚ ਬੈਠਾ ਸਮੱਗਲਰ ਪੁਲਸ ਦੀ ਨਿਗਰਾਨੀ ਤੋਂ ਬਚਣ ਅਤੇ ਖੇਪ ਦੀ ਆਵਾਜਾਈ ਦਾ ਤਾਲਮੇਲ ਕਰਨ ਲਈ ਐਨਕ੍ਰਿਪਟਡ ਸੰਚਾਰ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਸੀ। ਪੁਲਸ ਹੁਣ ਇਸ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਪੁਲਸ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ, ਪੜ੍ਹੋ ਪੂਰੀ LIST
NEXT STORY