ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ’ਤੇ ਰਾਮਾਇਣ ਦਾ ਗਲਤ ਹਵਾਲਾ ਦੇਣ ਤੇ ਭਗਵਾਨ ਰਾਮ ਤੇ ਸੀਤਾ ਦਾ ‘ਅਪਮਾਨ’ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਮੰਗਲਵਾਰ ਕੇਜਰੀਵਾਲ ਨੂੰ ‘ਅਧਰਮੀ’ ਦੱਸਿਆ ਤੇ ਰਾਮਾਇਣ ਦੀ ਗਲਤ ਵਿਆਖਿਆ ਕਰਨ ਲਈ ਖੁਦ ਵਰਤ ਰੱਖਣ ਦਾ ਐਲਾਨ ਕੀਤਾ। ਕੇਜਰੀਵਾਲ ਨੇ ਇਸ ਦੋਸ਼ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਰਾਵਣ ਦੇ ਮਾਣ ’ਚ ਮੇਰੇ ਵਿਰੁੱਧ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ‘ਰਾਕਸ਼ਸ਼ੀ ਰੁਝਾਨ’ ਵਾਲਾ ਦੱਸਿਆ।
ਜਿਵੇਂ-ਜਿਵੇਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ, ਭਾਜਪਾ ਤੇ ‘ਆਪ’ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ । ਦੋਵੇਂ ਪਾਰਟੀਆਂ ਇਕ-ਦੂਜੇ ’ਤੇ ਦੋਸ਼ ਤੇ ਜਵਾਬੀ ਦੋਸ਼ ਲਾ ਰਹੀਆਂ ਹਨ। 70 ਮੈਂਬਰੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ। ਨਤੀਜੇ 8 ਨੂੰ ਆਉਣਗੇ। ਸਚਦੇਵਾ ਪਹਿਲਾਂ ਪ੍ਰਾਚੀਨ ਹਨੂੰਮਾਨ ਮੰਦਰ ਗਏ। ਉੱਥੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਕੇਜਰੀਵਾਲ ਨੂੰ ‘ਚੋਣਾਂ ਵਾਲਾ ਹਿੰਦੂ’ ਕਿਹਾ। ਸੀਤਾ ਮਾਤਾ ਤੇ ਭਗਵਾਨ ਰਾਮ ਪ੍ਰਤੀ ਪ੍ਰਗਟਾਏ ਗਏ ਅਨਾਦਰ’ ਲਈ ਉਨ੍ਹਾਂ ਕੇਜਰੀਵਾਲ ਵੱਲੋਂ ਮੁਆਫੀ ਮੰਗੀ । ਉਨ੍ਹਾਂ ਕਿਹਾ ਕਿ ਇਹ ਅਫ਼ਸੋਸ ਵਾਲੀ ਗੱਲ ਹੈ ਕਿ ਕੇਜਰੀਵਾਲ ਚੋਣ ਰੈਲੀਆਂ ’ਚ ਦੇਵਤਿਆਂ ਦੇ ਨਾਂ ਲੈਂਦੇ ਹਨ ਪਰ ਅਗਿਆਨਤਾ ਕਾਰਨ ਗਲਤ ਕਹਾਣੀਆਂ ਸੁਣਾ ਕੇ ਉਹ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਕੇਜਰੀਵਾਲ ਨੇ ਸੋਮਵਾਰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਮਾਇਣ ਦਾ ਹਵਾਲਾ ਦਿੱਤਾ ਸੀ ਤੇ ਕਿਹਾ ਸੀ ਕਿ ਸੋਨੇ ਦੇ ਹਿਰਨ ਦੇ ਰੂਪ ’ਚ ਆਏ ਰਾਵਣ ਨੇ ਸੀਤਾ ਨੂੰ ਉਦੋਂ ਅਗਵਾ ਕਰ ਲਿਆ ਸੀ ਜਦੋਂ ਭਗਵਾਨ ਰਾਮ ਭੋਜਨ ਦੀ ਭਾਲ ’ਚ ਨਿਕਲੇ ਹੋਏ ਸਨ। ਭਾਜਪਾ ਆਗੂਆਂ ਨੇ ਇਸ ’ਤੇ ਇਤਰਾਜ਼ ਜਤਾਉਂਦੇ ਹੋਏ ਦੋਸ਼ ਲਾਇਆ ਕਿ ਕੇਜਰੀਵਾਲ ਨੇ ਰਾਮਾਇਣ ਦਾ ਗਲਤ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਕਾਵਿ ਦਾ ਇਕ ਹੋਰ ਪਾਤਰ ਮਾਮਾ ਮਾਰੀਚ ਸੀ ਜਿਸ ਨੇ ਭਗਵਾਨ ਰਾਮ ਨੂੰ ਭਟਕਾਉਣ ਲਈ ਸੋਨੇ ਦੇ ਹਿਰਨ ਦਾ ਰੂਪ ਧਾਰਨ ਕੀਤਾ ਤੇ ਫਿਰ ਰਾਵਣ ਨੇ ਸੀਤਾ ਜੀ ਨੂੰ ਅਗਵਾ ਕਰ ਲਿਆ।
ਕੇਜਰੀਵਾਲ ਨੇ ਕਿਹਾ ਕਿ ਮੈਂ ਕੱਲ ਕਿਹਾ ਸੀ ਕਿ ਰਾਵਣ ਨੇ ਸੋਨੇ ਦੇ ਹਿਰਨ ਦਾ ਰੂਪ ਧਾਰਨ ਕਰ ਲਿਆ ਸੀ। ਭਾਜਪਾ ਆਗੂ ਮੇਰੇ ਘਰ ਦੇ ਬਾਹਰ ਧਰਨੇ ’ਤੇ ਬੈਠੇ ਹਨ ਤੇ ਪੁੱਛ ਰਹੇ ਹਨ ਕਿ ਮੈਂ ਰਾਵਣ ਦਾ ਅਪਮਾਨ ਕਿਉਂ ਕੀਤਾ? ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਰਾਵਣ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਸ ’ਚ ‘ਰਾਕਸ਼ਸ਼ੀ ਰੁਝਾਨ’ ਹੈ । ਉਨ੍ਹਾਂ ਕਿਹਾ ਕਿ ਮੈਂ ਦਿੱਲੀ ਦੇ ਝੁੱਗੀ-ਝੌਂਪੜੀ ਵਾਲਿਆਂ ਤੇ ਗਰੀਬਾਂ ਨੂੰ ਚੌਕਸ ਕਰਨਾ ਚਾਹੁੰਦਾ ਹਾਂ ਕਿ ਜੇ ਭਾਜਪਾ ਸੱਤਾ ’ਚ ਆਈ ਤਾਂ ਉਹ ਉਨ੍ਹਾਂ ਨੂੰ ਖਾ ਜਾਏਗੀ।
ਸਚਦੇਵਾ ਨੇ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਉਹੀ ਨੇਤਾ ਹਨ ਜਿਨ੍ਹਾਂ ਨੇ ਆਪਣੀ ਦਾਦੀ ਦਾ ਹਵਾਲਾ ਦੇ ਕੇ ‘ਰਾਮ ਮੰਦਰ ਵਿਰੋਧੀ’ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਸੀ ਤੇ ਮੰਦਰ ਦੀ ਬਜਾਏ ਹਸਪਤਾਲਾਂ ਤੇ ਸਕੂਲਾਂ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰਾ ਕੇਜਰੀਵਾਲ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਦੇ ਵੀ ਮੁਆਫ਼ ਨਹੀਂ ਕਰੇਗਾ।
ਭਾਜਪਾ ਖੁਦ ਰਾਵਣ ਦੇ ਖਾਨਦਾਨ ’ਚੋਂ : ਸਿਸੋਦੀਆ
‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਇਸ ਮੁੱਦੇ ’ਤੇ ਭਾਜਪਾ ’ਤੇ ਹਮਲਾ ਬੋਲਿਆ ਕਿਹਾ ਕਿ ਪਾਰਟੀ ਨੇਤਾ ਰਾਵਣ ਦਾ ‘ਬਚਾਅ’ ਇਸ ਤਰ੍ਹਾਂ ਕਰ ਰਹੇ ਹਨ ਜਿਵੇਂ ਉਹ ਖੁਦ ਰਾਵਣ ਦੇ ਖਾਨਦਾਨ ’ਚੋਂ ਹੋਣ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਸਿਆਸਤ ਇੰਨੀ ਹੇਠਾਂ ਡਿੱਗ ਗਈ ਹੈ ਕਿ ਹੁਣ ਉਹ ਰਾਵਣ ਵਰਗੇ ਪ੍ਰਤੀਕਾਂ ਦੀ ਵਰਤੋਂ ਕਰ ਕੇ ਆਪਣੇ ਝੂਠੇ ਬਿਆਨਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਭਾਜਪਾ ਦੇ ਅਸਲ ਇਰਾਦਿਆਂ ਨੂੰ ਪਛਾਣਨ। ਚੋਣਾਂ ਤੋਂ ਬਾਅਦ ਭਾਜਪਾ ਗਰੀਬਾਂ, ਮਜ਼ਦੂਰਾਂ ਤੇ ਝੁੱਗੀ-ਝੌਂਪੜੀ ਵਾਲਿਆਂ ਲਈ ਰਾਵਣ ਨਾਲੋਂ ਵੀ ਵੱਡਾ ਖ਼ਤਰਾ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਤੋਂ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਦਾ ਅਸਲ ਏਜੰਡਾ ਸਿਰਫ ਸੱਤਾ ਹਾਸਲ ਕਰਨਾ ਹੈ। ਉਹ ਝੁੱਗੀਆਂ-ਝੌਂਪੜੀਆਂ ਨੂੰ ਢਾਹੁਣ ਤੇ ਜਨਤਕ ਜ਼ਮੀਨਾਂ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਸ ਦੇ ਝੂਠੇ ਡਰਾਮੇ ਤੋਂ ਬਚ ਕੇ ਰਹਿਣ ਤੇ ਸਹੀ ਫੈਸਲਾ ਲੈਣ ਦੀ ਲੋੜ ਹੈ।
ਫ਼ੀਸ ਨਾ ਭਰਨ 'ਤੇ ਨਹੀਂ ਦੇਣ ਦਿੱਤਾ ਪੇਪਰ, ਕੁੜੀ ਨੇ ਚੁੱਕਿਆ ਖੌਫਨਾਕ ਕਦਮ
NEXT STORY