ਨਵੀਂ ਦਿੱਲੀ, (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨ ਅੰਦੋਲਨ ’ਚ ਮਾਰੇ ਗਏ ਕਿਸਾਨਾਂ ’ਚੋਂ 40 ਕਿਸਾਨਾਂ ਨੂੰ ਆਪਣੀ ਪਾਰਟੀ ਦਾ ਮੈਂਬਰ ਦੱਸਣ ’ਤੇ ਸਿਆਸਤ ਤੇਜ਼ ਹੋ ਗਈ ਹੈ। ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੇ ਸਿੱਖ ਸੰਗਠਨਾਂ ਨੇ ਅਕਾਲੀਆਂ ਨੂੰ ਕਟਿਹਰੇ ’ਚ ਖੜ੍ਹਾ ਕਰਦੇ ਹੋਏ ਹੱਲਾ ਬੋਲ ਦਿੱਤਾ ਹੈ, ਜਦਕਿ ਕਿਸਾਨ ਅੰਦੋਲਨ ਨੂੰ ਚਲਾ ਰਹੇ ਅੰਦੋਲਨਕਾਰੀ ਨੇਤਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਅੰਦੋਲਨ ਗੈਰ-ਰਾਜਨੀਤਕ ਹੈ।
ਬਾਦਲ ਦੇ ਦਾਅਵੇ ਤੋਂ ਬਾਅਦ ਕਿਸਾਨ ਅੰਦੋਲਨ ਪਿੱਛੇ ਰਾਜਨੀਤਕ ਸਮਰਥਨ ਹੋਣ ਦੇ ਲਾਏ ਜਾ ਰਹੇ ਕਿਆਸਾਂ ਦੀ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਦਲ ’ਤੇ ਕਰਾਰਾ ਹਮਲਾ ਬੋਲ ਦਿੱਤਾ ਹੈ ਤੇ ਨਾਲ ਹੀ ਸੋਚ-ਸਮਝ ਬੋਲਣ ਦੀ ਨਸੀਹਤ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪੰਜਾਬ ’ਚ ਆਪਣਾ ਜਨ ਆਧਾਰ ਗੁਆ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਅੰਦੋਲਨ ਜ਼ਰੀਏ ਸੁਰਜੀਤ ਕਰਨਾ ਚਾਹੁੰਦੇ ਹਨ। ਇਹੀ ਕਾਰਣ ਹੈ ਕਿ ਉਹ ਅਵਾ-ਤਵਾ ਬੋਲ ਰਹੇ ਹਨ।
ਸਰਨਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮਰੇ ਹੋਏ ਕਿਸਾਨਾਂ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਹ ਸਰਾਸਰ ਝੂਠ ਬੋਲ ਰਹੇ ਹਨ। ਉੱਥੇ ਹੀ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸੁਖਬੀਰ ਬਾਦਲ ਤੋਂ ਸਵਾਲ ਪੁੱਛਿਆ ਕਿ ਜੇਕਰ ਕਿਸਾਨ ਅੰਦਲਨ ’ਚ ਮਾਰੇ ਗਏ ਕਿਸਾਨਾਂ ’ਚੋਂ 40 ਕਿਸਾਨ ਅਕਾਲੀ ਦਲ ਨਾਲ ਸਬੰਧਤ ਸਨ ਤਾਂ ਬਹਿਬਲ ਕਲਾਂ ’ਚ ਪੁਲਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਕਿਸ ਪਾਰਟੀ ਦੇ ਮੈਂਬਰ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਅੰਦੋਲਨ ਬਾਰੇ ਅਜਿਹੀਆਂ ਭੜਕਾਉਣ ਵਾਲੀਆਂ ਗੱਲਾਂ ਕਰ ਕੇ ਅੰਦੋਲਨ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।
ਝਾਰਖੰਡ ਵਿਧਾਨਸਭਾ ਦੇ ਪ੍ਰਧਾਨ ਰਵੀਂਦਰਨਾਥ ਮਹਤੋ ਕੋਰੋਨਾ ਪਾਜ਼ੇਟਿਵ
NEXT STORY