ਸਾਸਾਰਾਮ- ਬਿਹਾਰ ਦੇ ਸਾਸਾਰਾਮ ਜ਼ਿਲ੍ਹੇ ’ਚ ਖੁਦ ਨੂੰ ਸਰਕਾਰੀ ਅਫ਼ਸਰ ਦੱਸਣ ਵਾਲੇ ਕੁਝ ਲੋਕ 60 ਫੁੱਟ ਲੰਬਾ ਸਟੀਲ ਦਾ ਪੁਲ ਖੋਲ੍ਹ ਕੇ ਲੈ ਗਏ। ਪੁਲਸ ਨੇ ਦੱਸਿਆ ਕਿ 500 ਟਨ ਵਜ਼ਨੀ ਇਸ ਪੁਲ ਦਾ ਨਿਰਮਾਣ ਨਿਸਰੀਗੰਜ ਥਾਣਾ ਖੇਤਰ ਦੇ ਅਮਿਆਵਰ ਪਿੰਡ ’ਚ ਅਰਰਾਹ ਨਹਿਰ ’ਤੇ 1972 ਵਿਚ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਚੋਰਾਂ ਦੇ ਸਮੂਹ ਵਿਚ ਸ਼ਾਮਲ ਲੋਕਾਂ ਨੇ ਖੁਦ ਨੂੰ ਸਿੰਚਾਈ ਵਿਭਾਗ ਦੇ ਅਧਿਕਾਰੀ ਦੱਸ ਕੇ ਤਿੰਨ ਦਿਨਾਂ ਦੌਰਾਨ ਖਰਾਬ ਪਏ ਪੁਲ ਨੂੰ ਗੈਸ-ਕਟਰ ਅਤੇ ਹੋਰ ਯੰਤਰਾਂ ਦੀ ਮਦਦ ਨਾਲ ਕੱਟ ਕੇ ਵੱਖ ਕੀਤਾ। ਨਿਸਰੀਗੰਜ ਥਾਣੇ ਦੇ SHO ਸੁਭਾਸ਼ ਕੁਮਾਰ ਨੇ ਕਿਹਾ ਕਿ ਕੁਝ ਸ਼ੱਕ ਹੋਣ ’ਤੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ।
ਹਾਲਾਂਕਿ ਉਦੋਂ ਤੱਕ ਚੋਰ ਪੁਲ ਦਾ ਸਾਮਾਨ ਲੈ ਕੇ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਿੰਚਾਈ ਵਿਭਾਗ ਦੇ ਸਥਾਨਕ ਅਧਿਕਾਰੀਆਂ ਦੀ ਅਣਦੇਖੀ ਦੇ ਚੱਲਦੇ ਇਸ ਪੂਰੀ ਘਟਨਾ ਨੂੰ ਅੰਜ਼ਾਮ ਦਿੱਤਾ ਜਾ ਸਕਿਆ। ਪੁਲਸ ਮੁਤਾਬਕ ਇਸ ਘਟਨਾ ’ਚ ਮੁਕੱਦਮਾ ਦਰਜ ਕਰ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਬਾੜ ਕਾਰੋਬਾਰੀਆਂ ਨੂੰ ਵੀ ਚੌਕਸ ਕੀਤਾ ਗਿਆ ਹੈ।
ਅਮਿਆਵਰ ਪਿੰਡ ਦੇ ਵਸਨੀਕ ਮੰਟੂ ਸਿੰਘ ਨੇ ਕਿਹਾ ਕਿ ਇਹ ਪੁਲ ਕਾਫੀ ਪੁਰਾਣਾ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਨੂੰ ਖਤਰਨਾਕ ਘੋਸ਼ਿਤ ਗਿਆ ਸੀ। ਪੁਰਾਣੇ ਪੁਲ ਦੇ ਬਰਾਬਰ ਹੀ ਇਕ ਨਵੇਂ ਪੁੱਲ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਦਾ ਜਨਤਾ ਇਸਤੇਮਾਲ ਕਰ ਰਹੀ ਸੀ। ਇਸ ਘਟਨਾ ਨੂੰ ਲੈ ਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਦੋਸ਼ ਲਾਇਆ ਕਿ ਚੋਰ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਭਾਜਪਾ ਨੇਤਾਵਾਂ ਤੋਂ ਪ੍ਰੇਰਿਤ ਸਨ। ਉਨ੍ਹਾਂ ਕਿਹਾ ਜੇਕਰ ਭਾਜਪਾ ਅਤੇ ਨਿਤੀਸ਼ ਕੁਮਾਰ ਬਿਹਾਰ ਦੀ ਸਰਕਾਰ ਦੀ ਚੋਰੀ ਕਰ ਸਕਦੇ ਹਨ ਤਾਂ ਉਹ ਪੁਲ ਕੀ ਹੈ? ਤੇਜਸਵੀ ਯਾਦਵ ਦਾ ਇਸ਼ਾਰਾ 2017 ਵਿਚ ਰਾਜਦ ਤੋਂ ਗਠਜੋੜ ਤੋੜ ਕੇ ਜਨਤਾ ਦਲ ਯੂਨਾਈਟਿਡ (ਜਦਯੂ) ਦਾ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਵੱਲ ਸੀ।
ਕੈਨੇਡਾ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਪਰਿਵਾਰ ਨੇ ਟੋਰਾਂਟੋ ਜਾਣ ਲਈ ਸਰਕਾਰ ਤੋਂ ਮੰਗੀ ਮਦਦ
NEXT STORY