ਪਟਨਾ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਅੰਦਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਲੋਕ ਇਸ ਵਾਇਰਸ ਨੂੰ ਹਲਕੇ 'ਚ ਲੈ ਰਹੇ ਹਨ। ਵਿਆਹਾਂ-ਸ਼ਾਦੀਆਂ 'ਤੇ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵਲੋਂ 50 ਤੋਂ ਵਧੇਰੇ ਮਹਿਮਾਨਾਂ ਦੇ ਸੱਦੇ 'ਤੇ ਪਾਬੰਦੀ ਹੈ, ਫਿਰ ਵੀ ਲੋਕ ਵਿਆਹਾਂ 'ਚ ਮਹਿਮਾਨਾਂ ਦੀ ਵੱਡੀ ਭੀੜ ਇਕੱਠੀ ਕਰ ਰਹੇ ਹਨ। ਕੋਰੋਨਾ ਵਾਇਰਸ ਬਿਹਾਰ 'ਚ ਇਕ ਨਵੀਂ ਵਿਆਹੀ ਲਾੜੀ ਲਈ ਕਾਲ ਬਣ ਕੇ ਆਇਆ, ਜਿੱਥੇ ਕੋਰੋਨਾ ਨਾਲ ਲਾੜੇ ਦੀ ਮੌਤ ਹੋ ਗਈ। ਬਸ ਇੰਨਾ ਹੀ ਨਹੀਂ ਵਿਆਹ ਸਮਾਰਹੋ ਵਿਚ ਸ਼ਾਮਲ ਹੋਏ 95 ਮਹਿਮਾਨ ਵੀ ਕੋਰੋਨਾ ਪੀੜਤ ਪਾਏ ਗਏ। ਇਹ ਪੂਰਾ ਮਾਮਲਾ ਪਟਨਾ ਤੋਂ ਕਰੀਬ 50 ਕਿਲੋਮੀਟਰ ਦੂਰ ਪਾਲੀਗੰਜ ਇਲਾਕੇ ਦਾ ਹੈ, ਜਿੱਥੇ 15 ਜੂਨ ਨੂੰ ਇਕ ਵਿਆਹ ਵਿਚ ਸ਼ਾਮਲ 95 ਮਹਿਮਾਨ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ। ਇਨ੍ਹਾਂ 'ਚੋਂ 80 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਬਿਹਾਰ 'ਚ ਕੋਰੋਨਾ ਵਾਇਰਸ ਫੈਲਣ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ, ਜਿੱਥੇ ਵਿਆਹ ਸਮਾਰੋਹ ਵਿਚ ਸ਼ਾਮਲ 95 ਮਹਿਮਾਨ ਕੋਰੋਨਾ ਤੋਂ ਪੀੜਤ ਹੋ ਗਏ।
ਜਾਣਕਾਰੀ ਮੁਤਾਬਕ 30 ਸਾਲਾ ਲਾੜਾ ਗੁਰੂਗ੍ਰਾਮ ਵਿਚ ਸਾਫਟਵੇਅਰ ਇੰਜੀਨੀਅਰ ਸੀ ਅਤੇ ਵਿਆਹ ਕਰਨ ਲਈ 12 ਮਈ ਨੂੰ ਪਟਨਾ ਆਪਣੇ ਪਿੰਡ ਡੀਹਪਾਲੀ ਆਇਆ ਸੀ। ਇਸ ਦੌਰਾਨ ਉਸ ਅੰਦਰ ਕੋਵਿਡ-19 ਦੇ ਲੱਛਣ ਪਾਏ ਗਏ ਪਰ ਪਰਿਵਾਰ ਵਾਲਿਆਂ ਨੇ ਜਾਂਚ ਕਰਾਉਣ ਦੀ ਬਜਾਏ ਉਸ ਦਾ ਵਿਆਹ ਕਰਵਾ ਦਿੱਤਾ। ਵਿਆਹ ਦੇ ਦੋ ਦਿਨ ਬਾਅਦ ਹੀ ਲਾੜੇ ਦੀ ਸਿਹਤ ਵਿਗੜ ਗਈ। ਪਟਨਾ ਦੇ ਏਮਜ਼ 'ਚ ਲੈ ਕੇ ਜਾਣ ਦੌਰਾਨ ਲਾੜੇ ਦੀ ਮੌਤ ਹੋ ਗਈ। ਦਰਅਸਲ 17 ਜੂਨ ਨੂੰ ਉਸ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ ਪਰ ਲਾੜਾ ਕੋਰੋਨਾ ਮਹਾਮਾਰੀ ਕਾਰਨ ਦਮ ਤੋੜ ਗਿਆ। ਇਸ ਪੂਰੇ ਮਾਮਲੇ ਦੀ ਭਿਣਕ ਜਦੋਂ ਜ਼ਿਲਾ ਪ੍ਰਸ਼ਾਸਨ ਨੂੰ ਲੱਗੀ ਤਾਂ ਵਿਆਹ ਵਿਚ ਸ਼ਰੀਕ ਹੋਏ ਤਾਂ ਸਾਰੇ ਮਹਿਮਾਨਾਂ ਦੀ ਕੋਰੋਨਾ ਜਾਂਚ ਕਰਵਾਈ ਗਈ।
ਜਾਂਚ ਤੋਂ ਬਾਅਦ 15 ਲੋਕ ਕੋਵਿਡ-19 ਤੋਂ ਪਾਜ਼ੇਟਿਵ ਪਾਏ ਗਏ ਅਤੇ ਹੋਰ 80 ਲੋਕਾਂ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆਈ। ਹਾਲਾਂਕਿ ਕੋਵਿਡ-19 ਜਾਂਚ 'ਚ ਲਾੜੀ ਪਾਜ਼ੇਟਿਵ ਨਹੀਂ ਮਿਲੀ ਅਤੇ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਪੂਰੇ ਮਾਮਲੇ ਬਾਰੇ ਪ੍ਰਸ਼ਾਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਦੇ ਨਿਯਮਾਂ ਦੀਆਂ ਧੱਜੀਆਂ ਉੱਡਾਈਆਂ ਗਈਆਂ। ਪ੍ਰਸ਼ਾਸਨ ਨੇ ਕਿਸੇ ਵੀ ਵਿਆਹ ਸਮਾਰੋਹ ਵਿਚ ਸਿਰਫ 50 ਲੋਕਾਂ ਦੇ ਸ਼ਿਰਕਤ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਇਸ ਵਿਆਹ 'ਚ ਸੈਂਕੜੇ ਲੋਕ ਸ਼ਾਮਲ ਹੋਏ ਸਨ।
ਮੇਕ ਇਨ ਇੰਡੀਆ ਦੀ ਗੱਲ ਕਰ ਕੇ ਚੀਨ ਤੋਂ ਸਾਮਾਨ ਮੰਗਾਉਂਦੀ ਹੈ ਭਾਜਪਾ : ਰਾਹੁਲ ਗਾਂਧੀ
NEXT STORY