ਪਟਨਾ- ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਰਾਜਗ ਗੱਠਜੋੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਪਰ ਇਸ ਵਾਰ ਸਮੀਕਰਣ ਬਦਲੇ ਹੋਏ ਹਨ। ਪਹਿਲੀ ਵਾਰ ਭਾਜਪਾ ਸੂਬੇ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਰਾਜਗ ਨੂੰ 202 ਸੀਟਾਂ ਮਿਲੀਆਂ ਹਨ ਅਤੇ ਭਾਜਪਾ 90 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਨ੍ਹਾਂ ਨਤੀਜਿਆਂ ਨੇ ਸੱਤਾ ਦੇ ਅੰਦਰ ਭੂਮਿਕਾ ਅਤੇ ਅਗਵਾਈ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਪਿਛਲੇ ਦੋ ਦਹਾਕਿਆਂ ’ਚ ਭਾਜਪਾ ਨੇ ਕਈ ਵਾਰ ਮਹੱਤਵਪੂਰਨ ਹਾਜ਼ਰੀ ਦਰਜ ਕਰਵਾਈ ਪਰ ਇਸ ਵਾਰ ਉਸ ਦੀ ਸਥਿਤੀ ਵੱਖ ਹੈ। ਪਾਰਟੀ ਪਹਿਲੀ ਵਾਰ ਬਿਹਾਰ ਦੀ ਸਭ ਤੋਂ ਵੱਡੀ ਰਾਜਨੀਤਕ ਤਾਕਤ ਬਣ ਕੇ ਉੱਭਰੀ ਹੈ, ਜਦੋਂ ਕਿ ਜਦ (ਯੂ) 84 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਵਿਸ਼ਲੇਸ਼ਕਾਂ ਅਨੁਸਾਰ, ਇਹ ਬਦਲਾਅ ਬਿਹਾਰ ਦੀ ਰਾਜਨੀਤੀ ’ਚ ਨਵੇਂ ਬਦਲਾਅ ਦਾ ਸੰਕੇਤ ਦਿੰਦਾ ਹੈ।
ਬੀਤੇ 20 ਸਾਲਾਂ ’ਚ ਨਿਤੀਸ਼ ਕੁਮਾਰ ਰਾਜਗ ਦੇ ਅੰਦਰ ਲਗਾਤਾਰ ਮੁੱਖ ਚਿਹਰਾ ਰਹੇ ਹਨ। 2005 ਤੋਂ ਲੈ ਕੇ 2020 ਤੱਕ ਭਾਵੇਂ ਜਦ (ਯੂ) ਦੀਆਂ ਸੀਟਾਂ ਘਟੀਆਂ ਜਾਂ ਵਧੀਆਂ, ਮੁੱਖ ਮੰਤਰੀ ਦੀ ਕੁਰਸੀ ’ਤੇ ਉਨ੍ਹਾਂ ਦਾ ਕਬਜ਼ਾ ਰਿਹਾ। ਪਰ ਇਸ ਵਾਰ ਹਾਲਾਤ ਵੱਖ ਹਨ। ਭਾਜਪਾ ਹੁਣ ਮੁੱਖ ਮੰਤਰੀ ਅਹੁਦੇ ’ਤੇ ਦਾਅਵਾ ਕਰ ਸਕਦੀ ਹੈ ਅਤੇ ਜਦ (ਯੂ) ਨੂੰ ਡਿਪਟੀ ਸੀ. ਐੱਮ. ਦਾ ਅਹੁਦਾ ਦੇ ਸਕਦੀ ਹੈ। ਦੋਵਾਂ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਸਰਗਰਮ ਰਾਜਨੀਤੀ ਤੋਂ ਦੂਰੀ ਬਣਾਉਣ ਜਾਂ ਮੇਂਟਾਰਸ਼ਿਪ ਰੋਲ ’ਚ ਜਾਣ ਦਾ ਬਦਲ ਚੁਣ ਸਕਦੇ ਹਨ। ਉੱਥੇ ਹੀ, ਕੁਝ ਮਾਹਰਾਂ ਦਾ ਕਹਿਣਾ ਹੈ ਕਿ ਭਾਜਪਾ ਫਿਲਹਾਲ ਕਿਸੇ ਵਿਵਾਦ ’ਚ ਨਾ ਪੈ ਕੇ ਨਿਤੀਸ਼ ਨੂੰ ਹੀ ਮੁੱਖ ਮੰਤਰੀ ਰੱਖ ਸਕਦੀ ਹੈ ਪਰ ਸਰਕਾਰ ਦੀ ਦਿਸ਼ਾ ਅਤੇ ਫੈਸਲਿਆਂ ’ਚ ਅਸਰ ਭਾਜਪਾ ਦਾ ਹੀ ਰਹੇਗਾ।
ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ

ਸੱਤਾ ਸੰਤੁਲਨ ’ਚ ਅਹਿਮ ਬਦਲਾਅ
ਨਤੀਜਿਆਂ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਪ੍ਰਮੁੱਖ ਵਿਭਾਗ ਜਿਵੇਂ ਗ੍ਰਹਿ, ਵਿੱਤ, ਸਿਹਤ ਅਤੇ ਮਾਲ ਭਾਜਪਾ ਆਪਣੇ ਕੋਲ ਰੱਖ ਸਕਦੀ ਹੈ। ਨਵੀਆਂ ਨੀਤੀਆਂ, ਵੱਡੀਆਂ ਯੋਜਨਾਵਾਂ ਅਤੇ ਵਿਦਾਨਕ ਫੈਸਲਿਆਂ ’ਚ ਵੀ ਭਾਜਪਾ ਦੀ ਪਕੜ ਮਜ਼ਬੂਤ ਰਹੇਗੀ। ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਕਾਰਜਕਾਲ ’ਚ ਕਈ ਵਾਰ ਜਦ (ਯੂ) ਨੇ ਸੁਤੰਤਰ ਰੁਖ਼ ਅਪਣਾਇਆ ਪਰ ਹੁਣ ਰਣਨੀਤਿਕ ਫੈਸਲੇ ਦਿੱਲੀ ਅਤੇ ਪਟਨਾ ਦੋਵਾਂ ਪੱਧਰਾਂ ’ਤੇ ਹੋਰ ਜ਼ਿਆਦਾ ਕੇਂਦਰੀਕ੍ਰਿਤ ਹੋਣਗੇ।
ਕੇਂਦਰ ਦੀ ਰਾਜਨੀਤੀ ’ਤੇ ਅਸਰ
ਕੇਂਦਰ ’ਚ ਭਾਜਪਾ ਨੂੰ ਇਸ ਸਮੇਂ ਪੂਰਨ ਬਹੁਮਤ ਨਹੀਂ ਹੈ ਅਤੇ ਜਦ (ਯੂ) ਉਸ ਦੀ ਅਹਿਮ ਸਹਿਯੋਗੀ ਪਾਰਟੀ ਹੈ। ਬਿਹਾਰ ’ਚ ਜਦ (ਯੂ) ਦੀ ਕਮਜ਼ੋਰ ਹਾਲਤ ਅਤੇ ਭਾਜਪਾ ਦੀ ਵਧੀ ਤਾਕਤ ਰਾਸ਼ਟਰੀ ਰਾਜਨੀਤੀ ’ਤੇ ਵੀ ਅਸਰ ਪਾਵੇਗੀ। ਇਸ ਨਾਲ ਭਾਜਪਾ ਨੂੰ ਦਿੱਲੀ ’ਚ ਨੀਤੀ ਅਤੇ ਗੱਠਜੋੜ ਸੰਤੁਲਨ ਨੂੰ ਸੰਭਾਲਣ ’ਚ ਉਮੀਦ ਤੋਂ ਵੱਧ ਸਹਿਜਤਾ ਮਿਲ ਸਕਦੀ ਹੈ। ਬਿਹਾਰ ਦੇ ਤਾਜ਼ਾ ਨਤੀਜੇ ਸਿਰਫ ਸੱਤਾ ਤਬਦੀਲੀ ਨਹੀਂ, ਸਗੋਂ ਰਾਜਨੀਤਕ ਸਮੀਕਰਣਾਂ ਦੇ ਵੱਡੇ ਬਦਲਾਅ ਦਾ ਸੰਕੇਤ ਹਨ। ਭਾਜਪਾ ਦਾ ਨੰਬਰ-1 ਬਣਨਾ ਭਵਿੱਖ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਨਿਤੀਸ਼ ਕੁਮਾਰ ਦੀ ਭੂਮਿਕਾ ਭਾਵੇਂ ਕਿਸੇ ਤਰ੍ਹਾਂ ਦੀ ਤੈਅ ਹੋਵੇ ਪਰ ਇਹ ਸਪੱਸ਼ਟ ਹੈ ਕਿ ਰਾਜਗ ਸਰਕਾਰ ’ਚ ਭਾਜਪਾ ਦੀ ਪਕੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਵੇਗੀ। ਆਉਣ ਵਾਲੇ ਦਿਨਾਂ ’ਚ ਕੈਬਨਿਟ ਢਾਂਚਾ, ਨੀਤੀਗਤ ਫੈਸਲੇ ਅਤੇ ਸੀ. ਐੱਮ. ਅਹੁਦੇ ਨੂੰ ਲੈ ਕੇ ਆਖਰੀ ਫੈਸਲਾ ਰਾਜਨੀਤਕ ਕਹਾਣੀ ਨੂੰ ਅੱਗੇ ਵਧਾਏਗਾ। ਬਿਹਾਰ ’ਚ ਸੱਤਾ ਦਾ ਇਹ ਨਵਾਂ ਅਧਿਆਏ ਅਗਲੇ ਕੁਝ ਸਾਲਾਂ ਦੀ ਦਿਸ਼ਾ ਤੈਅ ਕਰੇਗਾ।
ਜ਼ਿਮਨੀ ਚੋਣ : ਵੱਜ ਗਿਆ ਜਿੱਤ ਦਾ ਡੰਕਾ, ਮਿਜ਼ੋਰਮ ਦੇ ਡੰਪਾ ਤੋਂ ਮਿਜ਼ੋ ਨੈਸ਼ਨਲ ਫਰੰਟ ਦੇ ਡਾ. ਆਰ. ਲਲਥਾਂਗਲੀਆਨਾ ਜੇਤੂ
NEXT STORY