ਨਵੀਂ ਦਿੱਲੀ- ਦੇਸ਼ 'ਚ ਹਾਲੇ ਕੋਰੋਨਾ ਦੀ ਆਫ਼ਤ ਗਈ ਨਹੀਂ ਕਿ ਬਰਡ ਫਲੂ ਨਾਂ ਦੀ ਬੀਮਾਰੀ ਆ ਗਈ ਹੈ। ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ ਅਤੇ ਕੇਰਲ 'ਚ ਇਸ ਬੀਮਾਰੀ ਦੀ ਪੁਸ਼ਟੀ ਹੋ ਚੁਕੀ ਹੈ। ਇਹ ਬੀਮਾਰੀ ਇੰਫਲੂਐਂਡਾ ਟਾਈਪ-ਏ ਐੱਚ5 ਐੱਨ1 ਵਾਇਰਸ ਕਾਰਨ ਫ਼ੈਲਦੀ ਹੈ। ਡਬਲਿਊ.ਐੱਚ.ਓ. ਦੀ ਇਕ ਰਿਪੋਰਟ ਅਨੁਸਾਰ ਐੱਚ5ਐੱਨ1 ਕਾਰਨ ਪੀੜਤ ਲੋਕਾਂ 'ਚ ਮੌਤ ਦਰ ਲਗਭਗ 60 ਫੀਸਦੀ ਹੈ। ਯਾਨੀ ਇਸ ਬੀਮਾਰੀ ਦਾ ਮਾਰਟਾਲਿਟੀ ਰੇਟ ਕੋਰੋਨਾ ਵਾਇਰਸ ਤੋਂ ਵੀ ਵੱਧ ਹੈ। ਆਓ ਜਾਣਦੇ ਹਾਂ ਇਸ ਤੋਂ ਬਚਣ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਪੰਛੀਆਂ ਦੇ ਸਪੰਰਕ 'ਚ ਆਉਣ ਤੋਂ ਬਚੋ
ਇਸ ਵਾਇਰਸ ਦੇ ਖ਼ਤਰੇ ਤੋਂ ਬਚਣ ਲਈ ਸਾਨੂੰ ਪੰਛੀਆਂ ਨਾਲ ਸਿੱਧੇ ਸੰਪਰਕ 'ਚ ਨਹੀਂ ਆਉਣਾ ਚਾਹੀਦਾ। ਪੋਲਟਰੀ ਫਾਰਮ ਦੇ ਪੰਛੀਆਂ ਦੇ ਪੀੜਤ ਹੋਣ ਤੋਂ ਬਾਅਦ ਇਨਸਾਨ ਵਿਚਾਲੇ ਇਸ ਦੇ ਫ਼ੈਲਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਪੰਛੀਆਂ ਦੇ ਮਲ, ਨੱਕ-ਮੂੰਹ ਜਾਂ ਅੱਖ ਤੋਂ ਰਿਸਾਅ ਦੇ ਮਾਧਿਅਮ ਨਾਲ ਵੀ ਇਹ ਬੀਮਾਰੀ ਇਨਸਾਨਾਂ 'ਚ ਫ਼ੈਲ ਸਕਦੀ ਹੈ।
ਸਾਫ਼ ਸਫ਼ਾਈ ਦਾ ਰੱਖੋ ਧਿਆਨ
ਛੱਤ 'ਤੇ ਰੱਖੀਆਂ ਟੈਂਕੀਆਂ, ਰੇਲਿੰਗਜ਼ ਜਾਂ ਪਿੰਜਰਿਆਂ ਨੂੰ ਸਰਫ਼ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਪੰਛਈਆਂ ਦੇ ਮਲ ਜਾਂ ਸੰਬੰਧਤ ਥਾਂ 'ਤੇ ਫ਼ੈਲੇ ਖੰਭ ਜਾਂ ਕੂੜੇ ਨੂੰ ਸਾਵਧਾਨੀ ਨਾਲ ਸਾਫ਼ ਕਰੋ। ਪੰਛੀਆਂ ਨੂੰ ਖੁੱਲ੍ਹੇ ਹੱਥਾਂ ਨਾਲ ਨਾ ਫੜ੍ਹੋ। ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।
ਕੱਚਾ ਮਾਸ ਨਾ ਛੂਹੋ
ਦੁਕਾਨ ਤੋਂ ਚਿਕਨ ਖਰੀਦਣ ਤੋਂ ਬਾਅਦ ਉਸ ਨੂੰ ਧੋਂਦੇ ਸਮੇਂ ਦਸਤਾਨੇ ਅਤੇ ਮੂੰਹ 'ਤੇ ਮਾਸਕ ਜ਼ਰੂਰ ਪਾਓ। ਕੱਚਾ ਮਾਸ ਜਾਂ ਆਂਡਾ ਵੀ ਕਿਸੇ ਇਨਸਾਨ ਨੂੰ ਇਨਫੈਕਟਡ ਕਰ ਸਕਦਾ ਹੈ। ਇਸ ਲਈ ਪੋਲਟਰੀ ਫਾਰਮ ਜਾਂ ਦੁਕਾਨਾਂ 'ਤੇ ਕਿਸੇ ਚੀਜ਼ ਨੂੰ ਛੂਹਣ ਤੋਂ ਬਚੋ। ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਤੁਰੰਤ ਸੈਨੀਟਾਈਜ਼ ਕਰੋ।
ਚਿਕਨ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ
ਚਿਕਨ ਨੂੰ 100 ਡਿਗਰੀ ਸੈਲਸੀਅਸ ਦੀ ਤਾਪ 'ਤੇ ਪਕਾਓ। ਕੱਚਾ ਮਾਸ ਜਾਂ ਆਂਡਾ ਖਾਣ ਦੀ ਗਲਤੀ ਨਾ ਕਰੋ। ਹੈਲਥ ਮਾਹਰਾਂ ਅਨੁਸਾਰ, ਇਹ ਵਾਇਰਸ ਤਾਪ ਦੇ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਕੁਕਿੰਗ ਤਾਪਮਾਨ 'ਚ ਨਸ਼ਟ ਹੋ ਜਾਂਦਾ ਹੈ। ਕੱਚੇ ਮਾਸ ਜਾਂ ਆਂਡੇ ਨੂੰ ਖਾਣ ਵਾਲੀਆਂ ਦੂਜੀਆਂ ਚੀਜ਼ਾਂ ਤੋਂ ਵੱਖ ਰੱਖਣਾ ਚਾਹੀਦਾ।
ਕਿਸ ਤਰ੍ਹਾਂ ਦਾ ਚਿਕਨ ਖਰੀਦੋ
ਚਿਕਨ ਦੁਕਾਨ ਜਾਂ ਪੋਲਟਰੀ ਫਾਰਮ 'ਤੇ ਅਜਿਹੇ ਮੁਰਗੇ ਦਾ ਮਾਸ ਖਰੀਦਣ ਤੋਂ ਬਚੋ, ਜੋ ਦਿੱਸਣ 'ਚ ਕਮਜ਼ੋਰ ਅਤੇ ਬੀਮਾਰ ਲੱਗ ਰਹੇ ਹੋਣ। ਇਹ ਪੰਛੀ ਐੱਚ5ਐੱਨ1 ਵਾਇਰਸ ਤੋਂ ਪੀੜਤ ਵੀ ਹੋ ਸਕਦਾ ਹੈ। ਚਿਕਨ ਖਰੀਦਦੇ ਸਮੇਂ ਪੂਰੀ ਸਾਵਧਾਨੀ ਵਰਤੋਂ। ਸਾਫ਼ ਸੁਥਰਾ ਚਿਕਨ ਹੀ ਖਰੀਦੋ।
ਬਰਡ ਫਲੂ ਦੇ ਲੱਛਣ
ਬਰਡ ਫਲੂਣ ਦੇ ਲੱਛਣ ਆਮ ਤੌਰ 'ਤੇ ਹੋਣ ਵਾਲੇ ਫਲੂ ਦੇ ਲੱਛਣਾਂ ਨਾਲ ਕਾਫ਼ੀ ਮਿਲਦੇ-ਜੁਲਦੇ ਹਨ। ਐੱਚ5ਐੱਨ1 ਇਨਫੈਕਸ਼ਨ ਦੀ ਲਪੇਟ 'ਚ ਆਉਣ 'ਤੇ ਤੁਹਾਨੂੰ ਖੰਘ, ਡਾਇਰੀਆ, ਬੁਖ਼ਾਰ, ਸਿਰਦਰਦ, ਮਾਸਪੇਸ਼ੀਆਂ 'ਚ ਦਰਦ, ਬੇਚੈਨੀ, ਨੱਕ ਵਗਣਾ ਜਾਂ ਗਲ਼ੇ 'ਚ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨੀ ਘੋਲ ਦਾ 46ਵਾਂ ਦਿਨ, ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ
NEXT STORY