ਨੈਸ਼ਨਲ ਡੈਸਕ- ਦਿੱਲੀ ’ਚ ਲੋਕ ਸਭਾ ਚੋਣਾਂ ਦੇ ਪ੍ਰਮੁੱਖ ਉਮੀਦਵਾਰਾਂ ਵਿਚੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮਨੋਜ ਤਿਵਾੜੀ ਸਭ ਤੋਂ ਅਮੀਰ ਹਨ। ਗਾਇਕ ਅਤੇ ਅਦਾਕਾਰ ਤੋਂ ਸਿਆਸਤਦਾਨ ਬਣੇ 53 ਸਾਲਾ ਤਿਵਾੜੀ ਕੋਲ ਕੁੱਲ 28.05 ਕਰੋੜ ਰੁਪਏ ਦੀ ਜਾਇਦਾਦ ਹੈ। ਦੱਖਣੀ ਦਿੱਲੀ ਤੋਂ ਭਾਜਪਾ ਉਮੀਦਵਾਰ ਰਾਮਵੀਰ ਸਿੰਘ ਬਿਧੂੜੀ 21.08 ਕਰੋੜ ਦੀ ਜਾਇਦਾਦ ਨਾਲ ਦੂਜੇ ਸਥਾਨ ’ਤੇ ਹਨ। ਸਾਲ 2022-23 ਦੀ ਇਨਕਮ ਟੈਕਸ ਰਿਟਰਨ ਮੁਤਾਬਕ 71 ਸਾਲਾ ਬਿਧੂਰੀ ਦੀ ਸਾਲਾਨਾ ਆਮਦਨ 14.93 ਲੱਖ ਰੁਪਏ ਹੈ। ਚੋਣ ਦਾਅਵੇਦਾਰਾਂ ਵਿਚੋਂ ਤੀਜੇ ਸਭ ਤੋਂ ਅਮੀਰ ਉਮੀਦਵਾਰ ਪੱਛਮੀ ਦਿੱਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਮਹਾਬਲ ਮਿਸ਼ਰਾ (69) ਹਨ। ਉਨ੍ਹਾਂ ਨੇ 19.93 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਮਿਸ਼ਰਾ ਕੋਲ ਬਿਹਾਰ ਦੇ ਮੁਜ਼ੱਫਰਪੁਰ ਦੇ ਐੱਲ. ਐੱਸ. ਕਾਲਜ ਤੋਂ ਪ੍ਰੀ-ਯੂਨੀਵਰਸਿਟੀ ਸਰਟੀਫਿਕੇਟ ਹੈ। ਇਸਨੂੰ ਉਨ੍ਹਾਂ ਨੇ 1971 ਵਿਚ ਹਾਸਲ ਕੀਤਾ ਸੀ।
ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੀ ਵਕੀਲ ਬਾਂਸੁਰੀ ਸਵਰਾਜ (40), ਮਰਹੂਮ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਧੀ ਹੈ। ਉਹ 19 ਕਰੋੜ ਰੁਪਏ ਦੀ ਕੁੱਲ ਜਾਇਦਾਦ ਨਾਲ ਚੌਥੇ ਸਥਾਨ ’ਤੇ ਹੈ। ਪਹਿਲੀ ਵਾਰ ਚੋਣ ਲੜ ਰਹੀ ਸਵਰਾਜ ਕੋਲ ਇਕ ਮਰਸਡੀਜ਼ ਬੈਂਜ਼ ਸਮੇਤ ਦੋ ਕਾਰਾਂ ਹਨ। ਉਸ ਦੇ ਕੋਲ ਹਰਿਆਣਾ ਦੇ ਪਲਵਲ ਵਿਚ 99.34 ਲੱਖ ਰੁਪਏ ਦੀ ਸੰਯੁਕਤ ਜਾਇਦਾਦ ਦਾ ਛੇਵਾਂ ਹਿੱਸਾ ਅਤੇ ਦਿੱਲੀ ਦੇ ਪਾਸ਼ ਇਲਾਕਿਆਂ ਵਿਚ ਤਿੰਨ ਫਲੈਟ ਹਨ। ਇਨ੍ਹਾਂ ’ਚੋਂ ਦੋ ਜੰਤਰ-ਮੰਤਰ ’ਤੇ ਅਤੇ ਇਕ ਹੈਲੀ ਰੋਡ ’ਤੇ ਹੈ। ਆਪਣੇ ਚੋਣ ਹਲਫ਼ਨਾਮੇ ਵਿਚ ਸਵਰਾਜ ਨੇ ਆਪਣੀ ਆਮਦਨ 68.28 ਲੱਖ ਰੁਪਏ ਦੱਸੀ ਹੈ। ਉਨ੍ਹਾਂ ਨੇ 2007 ਵਿਚ ਇੰਨਸ ਆਫ਼ ਇਨਰ ਟੈਂਪਲ, ਲੰਡਨ ਤੋਂ ਬੈਰਿਸਟਰ-ਐਟ-ਲਾਅ ਦੀ ਡਿਗਰੀ ਹਾਸਲ ਕੀਤੀ ਅਤੇ 2009 ਵਿਚ ਸੈਂਟ ਕੈਥਰੀਨ ਕਾਲਜ, ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਆਫ਼ ਸਟੱਡੀਜ਼ ਪੂਰੀ ਕੀਤੀ। ਆਮਦਨ ਅਤੇ ਜਾਇਦਾਦ ਦੇ ਮਾਮਲੇ ’ਚ ਸਵਰਾਜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਰਾਜ ਕੁਮਾਰ ਆਨੰਦ ਹਨ।
ਆਨੰਦ ਕੋਲ 17.87 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹਨ। ਮਨੋਜ ਤਿਵਾੜੀ ਲਗਾਤਾਰ ਤੀਜੀ ਵਾਰ ਉੱਤਰ ਪੂਰਬੀ ਦਿੱਲੀ ਤੋਂ ਚੋਣ ਲੜ ਰਹੇ ਹਨ। ਤਿਵਾੜੀ ਨੇ 2022-23 ਲਈ ਦਾਇਰ ਇਨਕਮ ਟੈਕਸ ਰਿਟਰਨ ਵਿਚ ਆਪਣੀ ਆਮਦਨ 46.25 ਲੱਖ ਰੁਪਏ ਦੱਸੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਮਦਨ ਦਾ ਸਰੋਤ ਗਾਇਕੀ, ਅਦਾਕਾਰੀ ਅਤੇ ਸੰਸਦ ਮੈਂਬਰ ਵਜੋਂ ਹੈ। ਭੋਜਪੁਰੀ ਗਾਇਕ ਅਤੇ ਅਦਾਕਾਰ ਨੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਤੋਂ ਬੀ. ਏ. (ਆਨਰਜ਼) ਕੀਤੀ ਹੈ। ਉਨ੍ਹਾਂ ਨੇ 1994 ਵਿਚ ਉਥੋਂ ਸਰੀਰਕ ਸਿੱਖਿਆ ਵਿਚ ਮਾਸਟਰ ਦੀ ਡਿਗਰੀ ਵੀ ਪ੍ਰਾਪਤ ਕੀਤੀ। ਉੱਤਰ ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ਕੋਲ 10.65 ਲੱਖ ਰੁਪਏ ਦੀ ਜਾਇਦਾਦ ਹੈ।
PM ਮੋਦੀ ਦਾ ਭਰਾ ਹੋਇਆ ਭਾਵੁਕ, ਮਾਂ ਹੀਰਾ ਬਾ ਦੀ ਆਈ ਯਾਦ
NEXT STORY