ਸੋਲਨ : ਭਾਜਪਾ ਦੀ ਹਿਮਾਚਲ ਸੂਬਾ ਇਕਾਈ ਦੇ ਪ੍ਰਧਾਨ ਰਾਜੀਵ ਬਿੰਦਲ ਦੇ ਵੱਡੇ ਭਰਾ,ਰਾਮ ਕੁਮਾਰ ਬਿੰਦਲ ਨੂੰ 25 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਸ਼ੁੱਕਰਵਾਰ ਨੂੰ ਸੋਲਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਮ ਕੁਮਾਰ ਬਿੰਦਲ ਪੇਸ਼ੇ ਤੋਂ ਰਵਾਇਤੀ ਚਿਕਿਤਸਾ ਪ੍ਰਣਾਲੀ ਦੇ ਡਾਕਟਰ (ਵੈਦ) ਹਨ। 78 ਸਾਲਾ ਰਾਮ ਕੁਮਾਰ ਬਿੰਦਲ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 7 ਅਕਤੂਬਰ ਨੂੰ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਪੀੜਤਾ ਨੇ 8 ਅਕਤੂਬਰ ਨੂੰ ਸੋਲਨ ਦੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਅਤੇ ਬਾਹਰੀ ਇਲਾਕੇ ਜੁੰਗਾ ਸਥਿਤ ਰਾਜ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਟੀਮ ਨੇ ਨਮੂਨੇ ਵੀ ਇਕੱਠੇ ਕੀਤੇ। ਪੁਲਸ ਨੇ ਇਸ ਸਿਲਸਿਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 64 ਅਤੇ 68 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਅਤੇ ਐੱਸ.ਪੀ. ਗੌਰਵ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ, ਔਰਤ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇੱਕ ਬਿਮਾਰੀ ਤੋਂ ਪੀੜਤ ਸੀ ਅਤੇ 7 ਅਕਤੂਬਰ ਨੂੰ ਆਯੁਰਵੈਦਿਕ ਇਲਾਜ ਲਈ ਸੋਲਨ ਦੇ ਪੁਰਾਣੇ ਬੱਸ ਸਟੈਂਡ ਨੇੜੇ ਵੈਦ (ਰਾਮ ਕੁਮਾਰ) ਤੋਂ ਸਲਾਹ ਲੈਣ ਗਈ ਸੀ। ਔਰਤ ਨੇ ਦੋਸ਼ ਲਾਇਆ ਕਿ ਰਾਮ ਕੁਮਾਰ ਨੇ ਉਸਨੂੰ ਸੌ ਫੀਸਦੀ (100%) ਠੀਕ ਹੋਣ ਦਾ ਭਰੋਸਾ ਦਿੱਤਾ, ਪਰ ਬਾਅਦ ਵਿੱਚ ਉਸਨੇ ਜਿਨਸੀ ਸਮੱਸਿਆਵਾਂ ਬਾਰੇ ਪੁੱਛਿਆ ਅਤੇ ਫਿਰ ਉਸਦੀ ਸਹਿਮਤੀ ਤੋਂ ਬਿਨਾਂ ਹੀ ਉਸਦੇ ਗੁਪਤ ਅੰਗਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਕਿ ਮੈਡੀਕਲ ਜਾਂਚ ਦੇ ਬਹਾਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਹ ਕਿਸੇ ਤਰ੍ਹਾਂ ਵੈਦ ਨੂੰ ਧੱਕਾ ਦੇ ਕੇ ਉੱਥੋਂ ਭੱਜਣ ਵਿੱਚ ਸਫਲ ਰਹੀ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ, ਪ੍ਰਦੇਸ਼ ਭਾਜਪਾ ਮੀਡੀਆ ਸੈੱਲ ਦੇ ਕਨਵੀਨਰ ਕਰਨ ਨੰਦਾ ਨੇ ਕਿਹਾ ਕਿ ਉਹ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਰਾਮ ਕੁਮਾਰ ਬਿੰਦਲ ਦੀ ਉਮਰ 78 ਸਾਲ ਹੈ ਅਤੇ ਉਨ੍ਹਾਂ ਦੀ ਜਨਤਕ ਈਮੇਜ਼ ਚੰਗੀ ਹੈ। ਕਰਨ ਨੰਦਾ ਨੇ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਸਨਾਤਨ ਧਰਮ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਭਾਜਪਾ ਨੇ ਇਸ ਪੂਰੇ ਮਾਮਲੇ ਨੂੰ 'ਸਿਆਸਤ ਤੋਂ ਪ੍ਰੇਰਿਤ ਸ਼ਰਾਰਤਪੂਰਨ ਕਾਰਾ' ਦੱਸਿਆ ਹੈ।
ਚੁੱਕਿਆ ਗਿਆ ਇਕ ਹੋਰ ਪਾਕਿਸਤਾਨੀ ਜਾਸੂਸ ! ਪੈਸਿਆਂ ਲਈ ISI ਨੂੰ ਫੌਜੀ ਭੇਜ ਰਿਹਾ ਸੀ ਜਾਣਕਾਰੀ
NEXT STORY