ਸ਼੍ਰੀਗੰਗਾਨਗਰ– ਜੰਮੂ-ਕਸ਼ਮੀਰ ’ਚ ਅਮਰਨਾਥ ਦੀ ਪਵਿੱਤਰ ਗੁਫ਼ਾ ਨੇੜੇ ਬੱਦਲ ਫਟਣ ਦੀ ਕੁਦਰਤੀ ਆਫ਼ਤ ’ਚ ਜਾਨ ਗੁਆਉਣ ਵਾਲੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਇਕ ਕੱਪੜਾ ਕਾਰੋਬਾਰੀ ਮੋਹਨਲਾਲ ਵਧਵਾ (59) ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਵਧਵਾ (57) ਦੀਆਂ ਲਾਸ਼ਾਂ ਅੱਜ ਸਵੇਰੇ ਚੌਥੇ ਦਿਨ ਘਰ ਪੁੱਜੀਆਂ। ਸਥਾਨਕ ਗੌਸ਼ਾਲਾ ਰੋਡ ’ਤੇ ਸ਼ਨੀ ਮੰਦਰ ਦੇ ਪਿੱਛੇ ਜੀ-ਬਲਾਕ ’ਚ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੌਜੂਦ ਜੋੜੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਗਮਗੀਨ ਮਾਹੌਲ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੋਹਨਲਾਲ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਅਪੂਰਵ ਅਤੇ ਮਾਂ ਸੁਨੀਤਾ ਨੂੰ ਛੋਟੇ ਪੁੱਤਰ ਹਰਸ਼ਿਤ ਨੇ ਅਗਨੀ ਦਿੱਤੀ।
ਇਸ ਮੌਕੇ ਵੱਖ-ਵੱਖ ਵਪਾਰਕ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਅਹੁਦਾ ਅਧਿਕਾਰੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ। ਉਨ੍ਹਾਂ ਨੇ ਦੁਖੀ ਪਰਿਵਾਰ ਨੂੰ ਹੌਸਲਾ ਦਿੱਤਾ। ਬੀਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਪਵਿੱਤਰ ਗੁਫ਼ਾ ਨੇੜੇ ਬੱਦਲ ਫਟਣ ਦੇ ਹਾਦਸੇ ’ਚ ਮਾਰੇ ਗਏ ਲੋਕਾਂ ’ਚ ਜੋੜੇ ਨਾਲ ਸ਼੍ਰੀਗੰਗਨਗਰ ਪੁਲਸ ਵਿਭਾਗ ਤੋਂ ਸੇਵਾਮੁਕਤ ਇੰਸਪੈਕਟਰ ਸੁਸ਼ੀਲ ਖੱਤਰੀ ਦੀ ਵੀ ਮੌਤ ਹੋ ਗਈ। ਖੱਤਰੀ ਦੀ ਲਾਸ਼ ਐਤਵਾਰ ਸਵੇਰੇ ਦਿੱਲੀ ਤੋਂ ਸ਼੍ਰੀਗੰਗਾਨਗਰ ਲਿਆਏ ਜਾਣ ਮਗਰੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਸਥਿਤ ਅਮਰਨਾਥ ਗੁਫ਼ਾ ਨੇੜੇ ਬਦਲ ਫਟਣ ਦੀ ਘਟਨਾ ਵਾਪਰੀ। ਇਸ ਘਟਨਾ ’ਚ 16 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਫ਼ੌਜ, ਐੱਨ, ਡੀ. ਆਰ. ਐੱਫ. ਵਲੋਂ ਬਚਾਅ ਮੁਹਿੰਮ ਜਾਰੀ ਹੈ। ਫ਼ੌਜ ‘ਆਪ੍ਰੇਸ਼ਨ ਜ਼ਿੰਦਗੀ’ ਚਲਾ ਰਹੀ ਹੈ।
ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਕੀਤੇ ਢੇਰ
NEXT STORY