ਅਲਵਰ (ਰਾਜਸਥਾਨ) : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਥਾਣਾ ਖੇਤਰ ਦੇ ਪਿੰਡ ਬੁਟੋਲੀ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇੱਕ 9 ਸਾਲਾ ਭਾਨੂ, ਪਤੰਗ ਲੁੱਟਣ ਦੀ ਕੋਸ਼ਿਸ਼ ਵਿੱਚ ਇੱਕ ਖੁੱਲ੍ਹੇ ਪਏ 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਫਿਲਹਾਲ ਬੱਚਾ ਬੋਰਵੈੱਲ ਦੇ ਅੰਦਰ ਲਗਭਗ 50 ਤੋਂ 55 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਹੈ। ਰਾਹਤ ਦੀ ਗੱਲ ਇਹ ਹੈ ਕਿ ਬੱਚਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਅਤੇ ਬੋਰਵੈੱਲ ਦੇ ਅੰਦਰੋਂ ਉਸਦੀ ਆਵਾਜ਼ ਸੁਣਾਈ ਦੇ ਰਹੀ ਹੈ।
ਜਾਣਕਾਰੀ ਅਨੁਸਾਰ, ਬੁਟੋਲੀ ਪਿੰਡ ਦਾ ਰਹਿਣ ਵਾਲਾ ਭਾਨੂ (ਪੁੱਤਰ ਸ਼ੀਸ਼ਰਾਮ) ਸੋਮਵਾਰ ਸ਼ਾਮ ਨੂੰ ਇੱਕ ਪਤੰਗ ਫੜਨ ਲਈ ਖੇਤਾਂ ਵੱਲ ਦੌੜ ਰਿਹਾ ਸੀ। ਖੇਤ ਵਿੱਚ ਇੱਕ ਪੁਰਾਣਾ ਬੋਰਵੈੱਲ ਸੀ, ਜਿਸ ਉੱਪਰ ਰੱਖਿਆ ਪੱਥਰ ਪਹਿਲਾਂ ਹੀ ਥੋੜ੍ਹਾ ਖਿਸਕਿਆ ਹੋਇਆ ਸੀ। ਭਾਨੂ ਦਾ ਪੈਰ ਉਸ ਪੱਥਰ 'ਤੇ ਪੈਂਦੇ ਹੀ ਪੱਥਰ ਹਟ ਗਿਆ ਅਤੇ ਉਹ ਸਿੱਧਾ ਬੋਰਵੈੱਲ ਵਿੱਚ ਜਾ ਡਿੱਗਿਆ। ਇਹ ਬੋਰਵੈੱਲ ਕਾਫ਼ੀ ਪੁਰਾਣਾ ਸੀ ਅਤੇ ਲੰਬੇ ਸਮੇਂ ਤੋਂ ਬੰਦ ਪਿਆ ਸੀ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਸ ਅਤੇ ਪ੍ਰਸ਼ਾਸਨਿਕ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬੋਰਵੈੱਲ ਦੇ ਆਲੇ-ਦੁਆਲੇ ਦੋ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ.ਡੀ.ਆਰ.ਐੱਫ. ਅਤੇ ਐੱਨ.ਡੀ.ਆਰ.ਐੱਫ. ਦੀਆਂ ਵਿਸ਼ੇਸ਼ ਬਚਾਅ ਟੀਮਾਂ ਨੂੰ ਵੀ ਤੁਰੰਤ ਮੌਕੇ ਲਈ ਰਵਾਨਾ ਕੀਤਾ ਗਿਆ ਹੈ।
ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਮਗੜ੍ਹ ਦੇ ਵਿਧਾਇਕ ਸੁਖਵੰਤ ਸਿੰਘ, ਐੱਸ.ਡੀ.ਐੱਮ. ਮਨੀਸ਼ਾ ਰੇਸ਼ਮ, ਤਹਿਸੀਲਦਾਰ ਮਨੀਸ਼ ਕੁਮਾਰ ਸ਼ਰਮਾ, ਡੀ.ਐੱਸ.ਪੀ. ਨਰਿੰਦਰ ਕੁਮਾਰ ਅਤੇ ਥਾਣਾ ਇੰਚਾਰਜ ਰਾਜੇਸ਼ ਕੁਮਾਰ ਸਮੇਤ ਕਈ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਦੂਜੇ ਪਾਸੇ, ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਦੇ ਲੋਕ ਮਾਸੂਮ ਭਾਨੂ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ।
CJP ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਵਿਦੇਸ਼ੀ ਫੰਡਿੰਗ, ਮੁਕੇਸ਼ ਖੰਨਾ ਦਾ ਵੱਡਾ ਦਾਅਵਾ
NEXT STORY