ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਐਤਵਾਰ ਸਵੇਰੇ ਲੋਕਾਂ ਦਾ ਸਾਹਮਣਾ ਜ਼ਹਿਰੀਲੀ ਸਮੋਗ ਅਤੇ ਸੰਘਣੀ ਧੁੰਦ ਦੀ ਮੋਟੀ ਚਾਦਰ ਨਾਲ ਹੋਇਆ, ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ 'ਗੰਭੀਰ' ਸ਼੍ਰੇਣੀ ਵਿਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਤਾਪਮਾਨ ਵਿਚ ਆਈ ਭਾਰੀ ਗਿਰਾਵਟ ਕਾਰਨ ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਤਾਪਮਾਨ ਵਿਚ ਭਾਰੀ ਗਿਰਾਵਟ
ਸਰੋਤਾਂ ਅਨੁਸਾਰ ਦਿੱਲੀ ਦੇ ਸਫਦਰਜੰਗ ਮੌਸਮ ਕੇਂਦਰ ਵਿਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਅਯਾਨਗਰ ਵਿਚ ਇਹ 4.9 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਘੱਟੋ-ਘੱਟ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਸਵੇਰ ਦੇ ਸਮੇਂ ਕਈ ਥਾਵਾਂ 'ਤੇ ਦਰਮਿਆਨੀ ਅਤੇ ਕੁਝ ਇਲਾਕਿਆਂ ਵਿਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਹਵਾ ਹੋਈ ਜ਼ਹਿਰੀਲੀ, AQI 437 ਤੋਂ ਪਾਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਮੁਤਾਬਕ ਦਿੱਲੀ ਦਾ 24 ਘੰਟਿਆਂ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) ਸਵੇਰੇ 6:30 ਵਜੇ 437 ਦਰਜ ਕੀਤਾ ਗਿਆ। ਕਈ ਨਿਗਰਾਨ ਕੇਂਦਰਾਂ ਜਿਵੇਂ ਕਿ ਵਜ਼ੀਰਪੁਰ, ਪੰਜਾਬੀ ਬਾਗ, ਆਰ.ਕੇ. ਪੁਰਮ, ਰੋਹਿਣੀ, ਅਤੇ ਅਨੰਦ ਵਿਹਾਰ ਵਿਚ AQI ਦਾ ਪੱਧਰ 450 ਨੂੰ ਪਾਰ ਕਰ ਗਿਆ ਹੈ, ਜੋ ਕਿ 'ਬਹੁਤ ਗੰਭੀਰ' ਸ਼੍ਰੇਣੀ ਵਿਚ ਆਉਂਦਾ ਹੈ।
ਹਵਾਈ ਸੇਵਾਵਾਂ ਅਤੇ ਸਿਹਤ 'ਤੇ ਅਸਰ
ਧੁੰਦ ਕਾਰਨ ਵਿਜ਼ੀਬਿਲਟੀ (ਦ੍ਰਿਸ਼ਟੀ) ਬਹੁਤ ਘੱਟ ਰਹਿ ਗਈ ਹੈ, ਜਿਸ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਉਡਾਣਾਂ ਫਿਲਹਾਲ ਆਮ ਵਾਂਗ ਦੱਸੀਆਂ ਜਾ ਰਹੀਆਂ ਹਨ, ਪਰ ਯਾਤਰੀਆਂ ਨੂੰ ਆਪਣੀਆਂ ਏਅਰਲਾਈਨਾਂ ਤੋਂ ਤਾਜ਼ਾ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਅਤੇ ਠੰਢ ਦਾ ਇਹ ਸੁਮੇਲ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪ੍ਰਸ਼ਾਸਨ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
23 ਜਨਵਰੀ ਤੋਂ ਬਦਲਣਗੇ ਕਿਸਮਤ ਦੇ ਸਿਤਾਰੇ, ਇਨ੍ਹਾਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ ਗੋਲਡਨ ਟਾਈਮ
NEXT STORY