ਫਰੀਦਾਬਾਦ (ਬਿਊਰੋ)— ਫਰੀਦਾਬਾਦ ਹਾਈਵੇਅ ’ਤੇ ਸਥਿਤ ਬਾਟਾ ਚੌਕ ਨੇੜੇ ਐਤਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਜਿਸ ’ਚ ਪਿਤਾ ਅਤੇ ਉਸ ਦੀ ਧੀ ਵਾਲ-ਵਾਲ ਬਚ ਗਏ ਪਰ ਇਕ ਨੌਜਵਾਨ ਕਾਰ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ਦਾ ਪੈਰ ਕੱਟਿਆ ਗਿਆ। ਪੁਲਸ ਨੇ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ। ਉਕਤ ਨੌਜਵਾਨ ਦਾ ਨਾਂ ਕੁਲਦੀਪ ਸ਼ਰਮਾ ਹੈ। ਕਾਰ ਸਵਾਰ ਅਤੇ ਉਸ ਦੀ ਧੀ ਨੂੰ ਵੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਰੇਲਿੰਗ ’ਚ ਫਸੀ ਹੋਈ ਕਾਰ ਦੀ ਤਸਵੀਰ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਈ। ਸੈਕਟਰ-11 ਚੌਕੀ ਮੁਖੀ ਐੱਸ. ਆਈ. ਪ੍ਰਦੀਪ ਮੁਤਾਬਕ ਪ੍ਰੀਤ ਵਿਹਾਰ ਦਿੱਲੀ ਵਾਸੀ ਨਵਨੀਤ ਸੈਕਟਰ-16 ’ਚ ਇਕ ਵਿਆਹ ਸਮਾਰੋਹ ’ਚ ਸ਼ਿਰਕਤ ਕਰਨ ਲਈ ਆਏ ਹੋਏ ਸਨ। ਐਤਵਾਰ ਸਵੇਰੇ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਦਿੱਲੀ ਜਾ ਰਹੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ 5 ਸਾਲ ਦੀ ਧੀ ਵੀ ਬੈਠੀ ਹੋਈ ਸੀ। ਬਾਟਾ ਚੌਕ ’ਤੇ ਉਨ੍ਹਾਂ ਨੂੰ ਮੁੜਨਾ ਸੀ, ਇਸ ਦੌਰਾਨ ਉਨ੍ਹਾਂ ਨੂੰ ਝਪਕੀ ਲੱਗ ਗਈ ਅਤੇ ਕਾਰ ਸਿੱਧੀ ਰੇਲਿੰਗ ’ਚ ਦਾਖ਼ਲ ਹੋ ਗਈ।
ਇਸ ਦੌਰਾਨ ਉੱਥੋਂ ਸੜਕ ਪਾਰ ਕਰ ਰਹੇ ਕੁਲਦੀਪ ਕਾਰ ਦੀ ਲਪੇਟ ’ਚ ਆ ਗਏ ਅਤੇ ਉਨ੍ਹਾਂ ਦਾ ਪੈਰ ਕੱਟਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਦੋਵੇਂ ਏਅਰ ਬੈਗ ਖੁੱਲ੍ਹ ਗਏ। ਇਸ ਦੇ ਨਾਲ ਹੀ ਰੇਲਿੰਗ ਕਾਰ ਦੇ ਅਗਲੇ ਹਿੱਸੇ ’ਚ ਦਾਖ਼ਲ ਹੋ ਗਈ। ਪੁਲਸ ਮੁਤਾਬਕ ਸੂਚਨਾ ਮਿਲਣ ’ਤੇ ਜਦੋਂ ਮੌਕੇ ’ਤੇ ਪਹੁੰਚੇ ਤਾਂ ਕੁਲਦੀਪ ਕਾਰ ਦੇ ਹੇਠਾਂ ਦੱਬੇ ਹੋਏ ਸਨ। ਕਾਰ ਦੇ ਅੰਦਰ ਨਵਨੀਤ ਸ਼ਰਮਾ ਅਤੇ ਉਨ੍ਹਾਂ ਦੀ 5 ਸਾਲ ਦੀ ਧੀ ਲਹੂ-ਲੁਹਾਨ ਹਾਲਤ ’ਚ ਫਸੇ ਹੋਏ ਸਨ। ਪੁਲਸ ਨੇ ਰਾਹਗੀਰਾਂ ਦੀ ਮਦਦ ਨਾਲ ਕੁਲਦੀਪ ਨੂੰ ਕਾਰ ਦੇ ਹੇਠੋਂ ਬਾਹਰ ਕੱਢਿਆ। ਇਸ ਤੋਂ ਬਾਅਦ ਨਵਨੀਤ ਅਤੇ ਉਸ ਦੀ ਧੀ ਨੂੰ ਬਾਹਰ ਕੱਢਿਆ ਗਿਆ। ਪੁਲਸ ਮੁਤਾਬਕ ਕੁਲਦੀਪ ਇਕ ਹਸਪਤਾਲ ’ਚ ਕੰਮ ਕਰਦਾ ਹੈ।
ਪੰਜਾਬ ’ਚ ਚੋਣ ਪ੍ਰਚਾਰ ਭਖਾਉਣਗੇ PM ਮੋਦੀ, ਭਲਕੇ ਕਰਨਗੇ ਪਹਿਲੀ ਵਰਚੁਅਲ ਰੈਲੀ
NEXT STORY