ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਸਥਿਤ ਐੱਲ. ਜੀ. ਪਾਲੀਮਾਰ ਇੰਡਸਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਘਟਨਾ ਵੀਰਵਾਰ ਸਵੇਰੇ ਵਾਪਰੀ। ਇਸ ਤੋਂ ਬਾਅਦ ਪੂਰੇ ਸ਼ਹਿਰ 'ਚ ਤਣਾਅਪੂਰਨ ਮਾਹੌਲ ਹੈ। ਘੰਟਿਆਂ ਬੱਧੀ ਮਿਹਨਤ ਤੋਂ ਬਾਅਦ ਰਿਸਾਅ 'ਤੇ ਕਾਬੂ ਪਾ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਨੇੜੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ।
ਐੱਲ. ਜੀ. ਪਾਲੀਮਾਰ ਕੰਪਨੀ ਤੋਂ ਖਤਰਨਾਕ ਜ਼ਹਿਰੀਲੀ ਗੈਸ ਦਾ ਰਿਸਾਅ ਹੋਣ ਤੋਂ ਬਾਅਦ ਸੈਂਕੜੇ ਲੋਕ ਸਿਰ ਦਰਦ, ਉਲਟੀ ਅਤੇ ਸਾਹ ਲੈਣ 'ਚ ਤਕਲੀਫ ਨਾਲ ਹਸਪਤਾਲ ਪਹੁੰਚ ਰਹੇ ਹਨ। ਸਾਹ ਲੈਣ ਵਿਚ ਤਕਲੀਫ ਕਾਰਨ ਲੋਕ ਸੜਕਾਂ 'ਤੇ ਜਿੱਥੇ-ਕਿਤੇ ਬੇਹੋਸ਼ ਪਏ ਹਨ।
ਬੀਮਾਰ ਲੋਕਾਂ ਨੂੰ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਕਰੀਬ 170 ਲੋਕ ਭਰਤੀ ਕਰਵਾਏ ਗਏ ਹਨ। ਬੀਮਾਰ ਲੋਕਾਂ 'ਚ ਵੱਡੀ ਗਿਣਤੀ 'ਚ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਨੂੰ ਮੁੱਢਲੇ ਇਲਾਜ ਦੇ ਆਧਾਰ 'ਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਮਰਨ ਵਾਲਿਆਂ ਵਿਚ ਇਕ 8 ਸਾਲ ਦੀ ਬੱਚੀ ਵੀ ਸ਼ਾਮਲ ਹੈ।
ਘਟਨਾ ਦੇ ਸਾਹਮਣੇ ਆਉਂਦੇ ਹੀ ਸਥਾਨਕ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ। ਅਜੇ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਟੀਮਾਂ ਮੌਕੇ 'ਤੇ ਤਾਇਨਾਤ ਹਨ। ਦੱਸ ਦੇਈਏ ਕਿ ਅਚਾਨਕ ਹੋਏ ਹਾਦਸੇ ਕਾਰਨ ਹਰ ਪਾਸੇ ਅਫੜਾ-ਦਫੜੀ ਦਾ ਮਾਹੌਲ ਹੈ। ਪੁਲਸ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕਰ ਰਹੀ ਹੈ।
ਦੁਨੀਆਭਰ 'ਚੋਂ ਭਾਰਤੀਆਂ ਦੀ ਅੱਜ ਤੋਂ ਹੋਵੇਗੀ ਘਰ ਵਾਪਸੀ
NEXT STORY