ਉੱਤਰ ਪ੍ਰਦੇਸ਼— ਯੋਗੀ ਆਦਿੱਤਿਯਨਾਥ ਸਰਕਾਰ ਦੇ ਅੱਜ ਯਾਨੀ ਵੀਰਵਾਰ ਨੂੰ ਢਾਈ ਸਾਲ ਪੂਰੇ ਹੋ ਗਏ। ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਬੀਤੇ ਇਨ੍ਹਾਂ ਸਾਲਾਂ 'ਚ ਲੋਕਾਂ ਦਾ ਨਜ਼ਰੀਆ ਬਦਲਿਆ ਹੈ। ਕੰਮਕਾਜ ਦੀ ਬਦੌਲਤ ਉਨ੍ਹਾਂ ਦੀ ਸਰਕਾਰ ਨੇ ਜਨਤਾ ਦਾ ਵਿਸ਼ਵਾਸ ਹਾਸਲ ਕੀਤਾ ਹੈ। ਯੋਗੀ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦੱਸਦੇ ਹੋਏ ਕਿਹਾ ਕਿ ਸਾਡੀ ਸਰਕਾਰ ਨੇ ਵਰਕ ਟੀਮ ਦੇ ਰੂਪ 'ਚ ਕੰਮ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਪ੍ਰਤੀ ਬਣੇ ਨੈਗੇਟਿਵ ਧਾਰਨਾ ਨੂੰ ਬਦਲਿਆ। 14 ਸਾਲ ਦੇ ਬਨਵਾਸ ਤੋਂ ਬਾਅਦ 19 ਮਾਰਚ 2017 ਨੂੰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣੀ ਸੀ। ਉਦੋਂ ਸਾਡੀ ਸਰਕਾਰ ਦੇ ਸਾਹਮਣੇ ਹਰ ਖੇਤਰ 'ਚ ਚੁਣੌਤੀਆਂ ਸਨ ਪਰ ਅਸੀਂ ਮੁਸ਼ਕਲਾਂ ਨੂੰ ਮੌਕੇ 'ਚ ਬਦਲ ਕੇ ਇੱਥੇ ਸੁਸ਼ਾਸਨ ਲਿਆਉਣ ਦੀ ਕਾਮਯਾਬੀ ਪਾਈ। ਯੋਗੀ ਨੇ ਕਿਹਾ ਕਿ ਢਾਈ ਸਾਲ ਦੇ ਕਾਰਜਕਾਲ ਨੇ ਯੂ.ਪੀ. ਤੋਂ ਪਛਾਣ ਦੇ ਸੰਕਟ ਨੂੰ ਖਤਮ ਕੀਤਾ। ਸ਼ਾਸਨ ਦੀ ਭਰੋਸੇਯੋਗਤਾ ਵਧੀ, ਸਾਰੇ ਮੰਤਰੀਆਂ ਨੇ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕੀਤੀ।
86 ਲੱਖ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ
ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਦੇਸ਼ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ ਸੀ, ਉਦੋਂ ਸਾਡੀ ਸਰਕਾਰ ਨੇ ਪਹਿਲੀ ਕੈਬਨਿਟ 'ਚ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੇ ਅਧੀਨ 86 ਲੱਖ ਕਿਸਾਨਾਂ ਦੇ ਇਕ ਲੱਖ ਰੁਪਏ ਤੱਕ ਦੇ ਕਰਜ਼ ਮੁਆਫ਼ ਕੀਤੇ। ਯੋਗੀ ਨੇ ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਦੋਹਾਂ ਸਹਿਯੋਗੀ ਉੱਪ ਮੁੱਖ ਮੰਤਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ,''ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਭਾਰੀ ਹਾਂ, ਜਿਨ੍ਹਾਂ ਦੇ ਮਾਰਗਦਰਸ਼ਨ 'ਚ ਯੂ.ਪੀ. ਸਰਕਾਰ ਢਾਈ ਸਾਲ ਪੂਰੇ ਕਰ ਰਹੀ ਹੈ। ਢਾਈ ਸਾਲ ਦਾ ਕੰਮ ਇਕ ਟੀਮ ਵਰਕ ਦਾ ਨਤੀਜਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਭਾਰੀ ਹਾਂ, ਜਿਨ੍ਹਾਂ ਦਾ ਮਾਰਗਦਰਸ਼ਨ ਹਮੇਸ਼ਾ ਪ੍ਰਾਪਤ ਹੁੰਦਾ ਹੈ। ਸ਼ਾਸਨ, ਵਿਕਾਸ ਅਤੇ ਵਿਸ਼ਵਾਸ ਨਾਲ ਸਰਕਾਰ ਚੱਲਦੀ ਹੈ।'' ਯੋਗੀ ਨੇ ਕਿਹਾ ਕਿ ਇਕ ਕਰੋੜ 57 ਲੱਖ ਕਿਸਾਨਾਂ ਨੂੰ ਕਿਸਾਨ ਸਨਮਾਨ ਯੋਜਨਾ (ਦੇਸ਼ 'ਚ ਸਭ ਵਧ) ਦਾ ਫਾਇਦਾ ਅਸੀਂ ਦਿੱਤਾ। ਸਾਡੀ ਸਰਕਾਰ ਨੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਲਈ ਖੇਤੀ ਵਿਗਿਆਨ ਕੇਂਦਰ ਖੋਲ੍ਹੇ ਅਤੇ ਕਿਸਾਨਾਂ ਨੂੰ ਉਨ੍ਹਾਂ ਨਾਲ ਜੋੜ ਕੇ ਲਾਗਤ ਘੱਟ ਮੁਨਾਫ਼ਾ ਵਧ ਕਰਨ ਦੀ ਸਾਡੀ ਯੋਜਨਾ ਹੈ। ਸਾਡੀ ਸਰਕਾਰ ਨੇ 73 ਹਜ਼ਾਰ ਕਰੋੜ ਰੁਪਏ ਦਾ ਗੰਨਾ ਭੁਗਤਾਨ ਕੀਤਾ ਹੈ।
ਜਾਪਾਨੀ ਇੰਸੇਫਲਾਈਟਿਸ 'ਤੇ ਕਾਫ਼ੀ ਹੱਦ ਤੱਕ ਲਗਾਈ ਰੋਕ
ਯੋਗੀ ਸਰਕਾਰ ਨੇ ਪੂਰਬੀ ਯੂ.ਪੀ. 'ਚ ਜਾਪਾਨੀ ਇੰਸੇਫਲਾਈਟਿਸ (ਦਿਮਾਗ਼ੀ ਬੁਖਾਰ) 'ਤੇ ਰੋਕ ਲਗਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਕਾਫ਼ੀ ਹੱਦ ਤੱਕ ਇਸ ਬੀਮਾਰੀ 'ਤੇ ਰੋਕ ਲਗਾਈ। 38 ਜ਼ਿਲਿਆਂ 'ਚ ਦਿਮਾਗ਼ੀ ਬੁਖਾਰ ਪ੍ਰਭਾਵੀ ਸੀ, ਜਿਸ 'ਚ 65 ਫੀਸਦੀ ਦੀ ਕਮੀ ਆਈ ਹੈ। 12 ਮੈਡੀਕਲ ਕਾਲਜ ਤੋਂ ਵਧਾ ਕੇ ਅਸੀਂ ਇਕ ਮੈਡੀਕਲ ਯੂਨੀਵਰਸਿਟੀ, 2 ਏਮਜ਼ ਅਤੇ 15 ਨਵੇਂ ਮੈਡੀਕਲ ਕਾਲਜ ਬਣਾ ਰਹੇ ਹਾਂ। 14 ਨਵੇਂ ਪ੍ਰਸਤਾਵ ਕੇਂਦਰ ਦੇ ਪੱਧਰ 'ਤੇ ਪੈਂਡਿੰਗ ਹਨ। ਉਨ੍ਹਾਂ ਨੇ ਕਿਹਾ ਕਿ ਦਹਾਕਿਆਂ ਤੋਂ ਪੈਂਡਿੰਗ ਕਈ ਯੋਜਨਾਵਾਂ ਨੂੰ ਅਸੀਂ ਲਾਗੂ ਕੀਤਾ। ਘੱਟੋ-ਘੱਟ ਕੀਮਤ ਅਤੇ ਸਮਰਥਨ ਮੁੱਲ ਯੂ.ਪੀ. ਸਰਕਾਰ ਨੇ ਲਾਗੂ ਕੀਤਾ।
ਅਪਰਾਧਕ ਘਟਨਾਵਾਂ 'ਚ ਆਈ ਕਮੀ
ਰਾਜ 'ਚ ਅਪਰਾਧ 'ਤੇ ਰੋਕ ਲਗਾਏ ਜਾਣ ਦੀ ਗੱਲ ਕਰਦੇ ਹੋਏ ਯੋਗੀ ਨੇ ਕਿਹਾ ਕਿ ਸਾਡੀ ਬਿਹਤਰ ਕਾਨੂੰਨ ਵਿਵਸਥਾ ਕਾਰਨ ਬੀਤੇ ਢਾਈ ਸਾਲਾਂ 'ਚ ਅਪਰਾਧੀ ਰਾਜ ਤੋਂ ਬਾਹਰ ਚੱਲੇ ਗਏ ਹਨ। ਡਕੈਤੀ ਦੀਆਂ ਘਟਨਾਵਾਂ 'ਚ 54 ਫੀਸਦੀ ਦੀ ਕਮੀ ਆਈ ਹੈ। ਕਤਲ ਦੇ ਮਾਮਲਿਆਂ 'ਚ 15 ਫੀਸਦੀ ਅਤੇ ਲੁੱਟ ਦੀਆਂ ਘਟਨਾਵਾਂ 'ਚ 43 ਫੀਸਦੀ ਦੀ ਕਮੀ ਆਈ ਹੈ, ਜਦੋਂ ਕਿ ਅਗਵਾ ਦੇ ਮਾਮਲਿਆਂ 'ਚ 30 ਫੀਸਦੀ ਦੀ ਕਮੀ ਆਈ ਹੈ।
ਲੱਦਾਖ ਦੀ ਤਸਵੀਰ ਬਦਲਣ 'ਚ ਜੁੱਟੀ ਮੋਦੀ ਦੀ ਟੀਮ
NEXT STORY