ਜੋਧਪੁਰ- ਜਿਸ ਉਮਰ 'ਚ ਹੱਥਾਂ 'ਚ ਖਿਡੌਣੇ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ, ਉਸ ਉਮਰ 'ਚ 12 ਸਾਲਾ ਕੁੜੀ ਦੀਆਂ ਕਲਾਈਆਂ 'ਤੇ ਵਿਆਹ ਦਾ ਧਾਗਾ ਬੰਨ੍ਹ ਕੇ ਉਸ ਦੇ ਬਚਪਨ ਨੂੰ ਘੁੰਢ ਦੀ ਓਟ 'ਚ ਲੁਕਾ ਦਿੱਤਾ ਗਿਆ। ਪਰ ਇਕ ਦਹਾਕੇ ਤੱਕ ਇਸ ਬੋਝ ਨੂੰ ਢੋਣ ਤੋਂ ਬਾਅਦ, ਆਖਰਕਾਰ ਅਦਾਲਤ ਦੀ ਚੌਖਟ 'ਤੇ ਕਾਨੂੰਨੀ ਜੰਗ ਜਿੱਤ ਕੇ ਉਸ ਨੇ ਬਾਲ-ਵਿਵਾਹ ਦੀਆਂ ਬੇੜੀਆਂ ਤੋੜ ਦਿੱਤੀਆਂ ਹਨ। ਇਹ ਕਹਾਣੀ ਹੈ ਬਿਸ਼ਨੋਈ ਭਾਈਚਾਰੇ ਦੀ 'ਖੁਸ਼ਬੂ' (ਬਦਲਿਆ ਹੋਇਆ ਨਾਮ) ਦੀ, ਜਿਸ ਦਾ ਵਿਆਹ ਜੋਧਪੁਰ ਦੀ ਪਰਿਵਾਰਕ ਅਦਾਲਤ ਨੇ ਰੱਦ ਕਰ ਦਿੱਤਾ ਹੈ।
ਰੀਤੀ-ਰਿਵਾਜਾਂ ਦੀ ਭੇਟ ਚੜ੍ਹਿਆ ਸੀ ਬਚਪਨ
ਸਾਲ 2016 'ਚ ਜਦੋਂ ਖੁਸ਼ਬੂ ਮਹਿਜ਼ 12 ਸਾਲਾਂ ਦੀ ਸੀ, ਉਦੋਂ ਪਰਿਵਾਰ 'ਚ 'ਮੌਸਰ' (ਮ੍ਰਿਤੂ ਭੋਜ) ਦੀ ਰਸਮ ਦੌਰਾਨ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ। ਖੁਸ਼ਬੂ ਯਾਦ ਕਰਦੀ ਹੈ,"ਪਿੰਡ ਦੇ ਵੱਡੇ-ਵੱਡੇ ਬਜ਼ੁਰਗ ਤਿਆਰੀਆਂ 'ਚ ਲੱਗੇ ਸਨ ਅਤੇ ਮੇਰੀ ਚੁੱਪ ਦੇ ਵਿਚਕਾਰ ਮੇਰੀ ਜ਼ਿੰਦਗੀ ਦਾ ਫੈਸਲਾ ਲਿਆ ਜਾ ਰਿਹਾ ਸੀ।" ਉਸ ਸਮੇਂ ਉਸ ਨੂੰ ਇਹ ਵੀ ਸਮਝ ਨਹੀਂ ਸੀ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ।
ਜਦੋਂ ਵਧਿਆ 'ਗੌਣਾ' ਕਰਨ ਦਾ ਦਬਾਅ
ਉਮਰ ਵਧਣ ਦੇ ਨਾਲ ਜਦੋਂ ਸਹੁਰੇ ਪੱਖ ਵੱਲੋਂ ਵਿਆਹੁਤਾ ਸਬੰਧ ਸ਼ੁਰੂ ਕਰਨ ਅਤੇ 'ਗੌਣਾ' (ਮੁਕਲਾਵਾ) ਕਰਨ ਦਾ ਦਬਾਅ ਵਧਿਆ, ਤਾਂ ਖੁਸ਼ਬੂ ਨੇ ਹਿੰਮਤ ਜੁਟਾਈ। ਉਸ ਨੇ ਇਸ ਰਿਸ਼ਤੇ ਨੂੰ ਨਕਾਰ ਦਿੱਤਾ ਅਤੇ ਪੁਲਸ ਦਾ ਦਰਵਾਜ਼ਾ ਖੜਕਾਇਆ। ਉੱਥੋਂ ਉਸ ਦਾ ਸੰਪਰਕ 'ਸਾਰਥੀ ਟਰਸਟ' ਦੀ ਸਮਾਜਿਕ ਕਾਰਕੁਨ ਕ੍ਰਿਤੀ ਭਾਰਤੀ ਨਾਲ ਹੋਇਆ, ਜਿਨ੍ਹਾਂ ਦੀ ਮਦਦ ਨਾਲ 18 ਮਹੀਨੇ ਪਹਿਲਾਂ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ।
ਅਦਾਲਤ ਦੀ ਸਖ਼ਤ ਟਿੱਪਣੀ
ਪਰਿਵਾਰਕ ਅਦਾਲਤ ਦੇ ਜੱਜ ਵਰੁਣ ਤਲਵਾਰ ਨੇ ਵਿਆਹ ਨੂੰ ਅਯੋਗ ਕਰਾਰ ਦਿੰਦਿਆਂ ਕਿਹਾ ਕਿ ਬਾਲ-ਵਿਵਾਹ ਨਾ ਸਿਰਫ਼ ਬੱਚਿਆਂ ਦੇ ਵਰਤਮਾਨ ਸਗੋਂ ਉਨ੍ਹਾਂ ਦੇ ਭਵਿੱਖ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ। ਉਨ੍ਹਾਂ ਨੇ ਸਮਾਜ ਨੂੰ ਇਸ ਕੁਪ੍ਰਥਾ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। ਹਾਲਾਂਕਿ ਸਹੁਰੇ ਪੱਖ ਨੇ ਅਦਾਲਤ 'ਚ ਕਾਫੀ ਵਿਰੋਧ ਕੀਤਾ, ਪਰ ਖੁਸ਼ਬੂ ਦੇ ਉਮਰ ਸਬੰਧੀ ਦਸਤਾਵੇਜ਼ਾਂ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ।
ਮੁੜ ਚੁੱਕੀਆਂ ਕਿਤਾਬਾਂ, ਹੁਣ ਉੱਡਣ ਦੀ ਤਿਆਰੀ
7ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣ ਲਈ ਮਜ਼ਬੂਰ ਹੋਈ ਖੁਸ਼ਬੂ ਨੇ ਹੁਣ ਫਿਰ ਤੋਂ ਕਿਤਾਬਾਂ ਚੁੱਕ ਲਈਆਂ ਹਨ। ਉਹ ਓਪਨ ਸਕੂਲਿੰਗ ਰਾਹੀਂ ਆਪਣੀ ਸੈਕੰਡਰੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ। ਖੁਸ਼ਬੂ ਦਾ ਕਹਿਣਾ ਹੈ,"ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਪੈਰਾਂ 'ਤੇ ਖੜ੍ਹੀ ਹੋਣਾ ਚਾਹੁੰਦੀ ਹਾਂ ਤਾਂ ਜੋ ਮੇਰੀ ਵੱਡੀ ਭੈਣ ਵਾਂਗ ਕਿਸੇ ਹੋਰ ਕੁੜੀ ਦਾ ਬਚਪਨ ਬਰਬਾਦ ਨਾ ਹੋਵੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕ੍ਰਿਪਟੋ ਐਕਸਚੇਂਜ ਪਲੇਟਫਾਰਮ CoinDCX ਦੇ ਦੋ ਸਹਿ-ਸੰਸਥਾਪਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ
NEXT STORY