ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਰਾਜੀਵ ਗਾਂਧੀ ਫਾਊਂਡੇਸ਼ਨ (ਆਰ.ਜੀ.ਐੱਫ.) ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਸ਼ਨੀਵਾਰ ਨੂੰ ਪਲਟਵਾਰ ਕੀਤਾ। ਚਿਦਾਂਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕੀ ਆਰ.ਜੀ.ਐੱਫ. ਵਲੋਂ ਚੀਨ ਨੂੰ ਪੈਸਾ ਵਾਪਸ ਕਰਨ ਨਾਲ ਲੱਦਾਖ 'ਚ ਚੀਨੀ ਫੌਜ ਦਾ ਕਬਜ਼ਾ ਖਤਮ ਹੋ ਜਾਵੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਹੋ ਜਾਵੇਗੀ। ਉਨ੍ਹਾਂ ਨੇ ਟਵੀਟ ਕੀਤਾ,''ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅੱਧਾ ਸੱਚ ਬੋਲਣ 'ਚ ਮਾਹਰ ਹਨ। ਮੇਰੇ ਸਹਿਯੋਗੀ ਰਣਦੀਪ ਸੁਰਜੇਵਾਲਾ ਨੇ ਕੱਲ ਉਨ੍ਹਾਂ ਦੀ ਅੱਧੀ ਸੱਚਾਈ ਸਾਹਮਣੇ ਲਿਆਂਦੀ।''
ਚਿਦਾਂਬਰਮ ਨੇ ਸਵਾਲ ਕੀਤਾ,''ਆਰ.ਜੀ.ਐੱਫ. ਨੂੰ 15 ਸਾਲ ਪਹਿਲਾਂ ਮਿਲੀ ਗਰਾਂਟ ਦਾ ਮੋਦੀ ਸਰਕਾਰ ਦੇ ਅਧੀਨ 2020 'ਚ ਚੀਨ ਦੇ ਭਾਰਤੀ ਖੇਤਰ 'ਚ ਘੁਸਪੈਠ ਕਰਨ ਨਾਲ ਕੀ ਲੈਣਾ-ਦੇਣਾ ਹੈ? ਮੰਨ ਲਵੋ ਕਿ ਆਰ.ਜੀ.ਐੱਫ. 20 ਲੱਖ ਰੁਪਏ ਵਾਪਸ ਦੇ ਦਿੰਦੀ ਹੈ, ਤਾਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਭਰੋਸਾ ਦਿਵਾਉਣਗੇ ਕਿ ਚੀਨ ਆਪਣਾ ਕਬਜ਼ਾ ਖਾਲੀ ਕਰੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਕਰੇਗਾ?'' ਉਨ੍ਹਾਂ ਨੇ ਕਿਹਾ,''ਨੱਢਾ ਜੀ, ਅਸਲ 'ਚ ਜ਼ਮੀਨ 'ਤੇ ਆਓ, ਅੱਧੀ ਸੱਚਾਈ ਵਾਲੇ ਅਤੀਤ 'ਚ ਨਾ ਰਹੋ। ਕ੍ਰਿਪਾ ਭਾਰਤੀ ਖੇਤਰ 'ਚ ਚੀਨੀ ਘੁਸਪੈਠ 'ਤੇ ਸਾਡੇ ਸਵਾਲਾਂ ਦੇ ਜਵਾਬ ਦਿਓ।''
ਦੱਸਣਯੋਗ ਹੈ ਕਿ ਭਾਜਪਾ ਪ੍ਰਧਾਨ ਨੱਢਾ ਨੇ ਦੋਸ਼ ਲਗਾਇਆ ਹੈ ਕਿ 2005 'ਚ ਆਰ.ਜੀ.ਐੱਫ. ਨੂੰ ਚੀਨੀ ਦੂਤਘਰ ਤੋਂ ਪੈਸੇ ਮਿਲੇ ਸਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਜਪਾ 'ਤੇ ਚੀਨੀ ਘੁਸਪੈਠ ਤੋਂ ਧਿਆਨ ਭਟਕਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਿਵਯਾਂਗਾਂ ਦੇ ਕਲਿਆਣ ਅਤੇ ਭਾਰਤ-ਚੀਨ ਸੰਬੰਧਾਂ 'ਤੇ ਸੋਧ ਲਈ ਆਰ.ਜੀ.ਐੱਫ. ਨੂੰ ਇਹ ਗਰਾਂਟ ਮਿਲੀ ਸੀ ਅਤੇ ਰਿਟਰਨ ਫਾਈਲ ਕਰਨ ਦੌਰਾਨ ਇਸ ਦਾ ਜ਼ਿਕਰ ਕੀਤਾ ਗਿਆ ਸੀ।
ਕੁਆਰੰਟਾਈਨ ਦੀ ਬਜਾਏ ਪ੍ਰੀਖਿਆ ਕੇਂਦਰ 'ਚ ਡਿਊਟੀ ਦੇ ਰਿਹਾ ਅਧਿਆਪਕ ਨਿਕਲਿਆ ਕੋਰੋਨਾ ਪਾਜ਼ੇਟਿਵ
NEXT STORY