ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸੰਸਦ ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਸਰਕਾਰ ਵਲੋਂ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ 'ਚ ਵਿਰੋਧੀ ਧਿਰ ਲਈ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਅਤੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਸਮੇਤ ਹੋਰ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਦਾ ਮੁੱਦਾ ਚੁੱਕਿਆ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਜਦੋਂ ਦੋਹਾਂ ਸਦਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਪਾਰਟੀ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਨੇਤਾ ਗੌਰਵ ਗੋਗੋਈ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਵਿਰੋਧੀ ਧਿਰ ਨੂੰ ਵੀ ਸੰਸਦ 'ਚ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸੂਤਰਾਂ ਮੁਤਾਬਕ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਰਾਮ ਗੋਪਾਲ ਯਾਦਵ ਨੇ ਕਾਂਵੜ ਮਾਰਗ 'ਤੇ ਸਥਿਤ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਵਿਵਾਦਿਤ ਨਿਰਦੇਸ਼ਾਂ ਦਾ ਮੁੱਦਾ ਉਠਾਇਆ, ਜਿਸ ਤਹਿਤ ਉਨ੍ਹਾਂ ਨੂੰ ਮਾਲਕਾਂ ਦੇ ਨਾਂ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ। ਵਾਈ.ਐੱਸ.ਆਰ. ਕਾਂਗਰਸ ਨੇ ਆਂਧਰਾ ਪ੍ਰਦੇਸ਼ 'ਚ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਸਰਕਾਰ ਦੁਆਰਾ ਆਪਣੇ ਨੇਤਾਵਾਂ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਣ ਬਾਰੇ ਗੱਲ ਕੀਤੀ ਅਤੇ ਕੇਂਦਰ ਤੋਂ ਦਖ਼ਲ ਦੀ ਮੰਗ ਕੀਤੀ। ਇਹ ਬੈਠਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਹੋਈ ਅਤੇ ਸੰਸਦੀ ਕਾਰਜ ਮੰਤਰੀ ਰਿਜਿਜੂ ਨੇ ਇਸ ਦਾ ਸੰਚਾਲਨ ਕੀਤਾ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਵੱਖ ਤੋਂ ਕਿਹਾ ਕਿ ਸਾਰੇ ਦਲਾਂ ਦੀ ਬੈਠਕ 'ਚ ਜਨਤਾ ਦਲ (ਯੂ) ਅਤੇ ਵਾਈ.ਐੱਸ.ਆਰ. ਕਾਂਗਰਸ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਪਰ 'ਅਜੀਬ' ਤਰੀਕੇ ਨਾਲ ਤੇਦੇਪਾ ਇਸ ਮਾਮਲੇ 'ਤੇ ਚੁੱਪ ਰਹੀ।
ਰਮੇਸ਼ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਅੱਜ ਯਾਨੀ ਐਤਵਾਰ ਨੂੰ ਸਦਨ ਦੇ ਆਗੂਆਂ ਦੀ ਸਾਰੇ ਦਲਾਂ ਦੀ ਬੈਠਕ 'ਚ ਜਨਤਾ ਦਲ (ਯੂ) ਨੇਤਾ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ। ਉੱਥੇ ਹੀ ਵਾਈ.ਐੱਸ.ਆਰ.ਸੀ.ਪੀ. ਨੇਤਾ ਨੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਕੀਤੀ। ਅਜੀਬ ਗੱਲ ਰਹੀ ਕਿ ਤੇਦੇਪਾ ਨੇਤਾ ਇਸ ਮਾਮਲੇ 'ਤੇ ਚੁੱਪ ਰਹੇ।'' ਰਮੇਸ਼ ਦਾ ਇਹ ਸੋਸ਼ਲ ਮੀਡੀਆ ਪੋਸਟ ਉਦੋਂ ਆਇਆ ਸੀ, ਜਦੋਂ ਬੈਠਕ ਜਾਰੀ ਸੀ। ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਮੁਖੀ ਸਹਿਯੋਗੀ ਦਲ ਜਨਤਾ ਦਲ (ਯੂ) ਨੇ ਹਾਲ ਹੀ 'ਚ ਇਕ ਪ੍ਰਸਤਾਵ ਪਾਸ ਕਰ ਕੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕੀਤੀ ਸੀ। ਆਂਧਰਾ ਪ੍ਰਦੇਸ਼ ਦੇ ਨੇਤਾ ਲੰਬੇ ਸਮੇਂ ਤੋਂ ਰਾਜ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਸ ਮੰਗ ਨੇ ਇਕ ਵਾਰ ਮੁੜ ਜ਼ੋਰ ਫੜ ਲਿਆ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਈ ਇਸ ਰਵਾਇਤੀ ਬੈਠਕ 'ਚ ਕਾਂਗਰਸ ਨੇ ਰਮੇਸ਼, ਗੋਗੋਈ ਅਤੇ ਕੇ. ਸੁਰੇਸ਼, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਅਸਦੁਦੀਨ ਓਵੈਸੀ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਅਭੈ ਕੁਸ਼ਵਾਹਾ, ਜਨਤਾ ਦਲ (ਯੂ) ਦੇ ਸੰਜੇ ਝਾਅ, ਆਮ ਆਦਮੀ ਪਾਰਟੀ (ਆਪ) ਦੇ ਸੰਜੇ ਸਿੰਘ, ਸਮਾਜਵਾਦੀ ਪਾਰਟੀ (ਸਪਾ) ਦੇ ਰਾਮਗੋਪਾਲ ਯਾਦਵ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਫੁੱਲ ਪਟੇਲ ਵੀ ਮੌਜੂਦ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਯਾਨੀ ਕੱਲ੍ਹ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਮੰਗਲਵਾਰ ਨੂੰ ਕੇਂਦਰੀ ਬਜਟ ਪੇਸ਼ ਕਰੇਗੀ। ਇਸ ਸੈਸ਼ਨ 'ਚ ਵਿਰੋਧੀ ਧਿਰ ਕੋਲ ਨੀਟ ਪੇਪਰ ਲੀਕ ਮਾਮਲੇ ਅਤੇ ਰੇਲਵੇ ਸੁਰੱਖਿਆ ਵਰਗੇ ਕਈ ਮੁੱਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਹ ਰਾਜਗ ਸਰਕਾਰ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡੇਗੀ। ਸੋਮਵਾਰ ਤੋਂ ਸ਼ੁਰੂ ਹੋ ਰਿਹਾ ਸੈਸ਼ਨ 12 ਅਗਸਤ ਤੱਕ ਪ੍ਰਸਤਾਵਿਤ ਹੈ। ਇਸ ਦੌਰਾਨ 19 ਬੈਠਕਾਂ ਹੋਣੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਭਾਜਪਾ : ਸੰਜੇ ਸਿੰਘ
NEXT STORY