ਸੋਲਾਪੁਰ- ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਬਾਰਸ਼ੀ ਸ਼ਹਿਰ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਿਵਸ਼ਕਤੀ ਗਰਾਊਂਡ 'ਚ ਚੱਲ ਰਹੇ ਇਕ ਕ੍ਰਿਕਟ ਸਮਰ ਕੈਂਪ ਦੌਰਾਨ 9ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਰਵ ਉਰਫ ਵੀਰੇਨ ਯੋਗੀਰਾਜ ਚੌਧਰੀ (15) ਵਜੋਂ ਹੋਈ ਹੈ, ਜਿਸ ਦੀ ਜਾਨ ਕ੍ਰਿਕਟ ਪਿੱਚ ਬਣਾਉਣ ਲਈ ਵਰਤੇ ਜਾਣ ਵਾਲੇ ਭਾਰੀ ਲੋਹੇ ਦੇ ਰੋਲਰ ਹੇਠਾਂ ਆਉਣ ਕਾਰਨ ਚਲੀ ਗਈ।
ਜਾਣਕਾਰੀ ਅਨੁਸਾਰ, ਬਾਰਸ਼ੀ ਤਾਲੁਕਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਗਾਏ ਗਏ ਇਸ ਕੈਂਪ 'ਚ ਆਰਵ ਰੋਜ਼ਾਨਾ ਦੀ ਤਰ੍ਹਾਂ ਪ੍ਰੈਕਟਿਸ ਲਈ ਪਹੁੰਚਿਆ ਸੀ। ਸਵੇਰੇ ਕਰੀਬ 7:30 ਵਜੇ, ਕੈਂਪ 'ਚ ਮੌਜੂਦ 12 ਤੋਂ 15 ਸਾਲ ਦੇ ਬੱਚਿਆਂ ਤੋਂ ਕ੍ਰਿਕਟ ਪਿੱਚ ਨੂੰ ਪੱਧਰਾ ਕਰਨ ਲਈ ਭਾਰੀ ਲੋਹੇ ਦਾ ਰੋਲਰ ਖਿੱਚਣ ਦਾ ਕੰਮ ਲਿਆ ਜਾ ਰਿਹਾ ਸੀ। ਰੋਲਰ ਖਿੱਚਦੇ ਸਮੇਂ ਆਰਵ ਦਾ ਪੈਰ ਅਚਾਨਕ ਤਿਲਕ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ। ਭਾਰੀ ਰੋਲਰ ਉਸ ਦੀਆਂ ਲੱਤਾਂ ਤੋਂ ਹੁੰਦਾ ਹੋਇਆ ਛਾਤੀ ਦੇ ਉੱਪਰੋਂ ਗੁਜ਼ਰ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਤੋੜਿਆ ਦਮ

ਹਾਦਸੇ ਤੋਂ ਤੁਰੰਤ ਬਾਅਦ ਕੋਚ ਅਤੇ ਹੋਰ ਲੋਕ ਆਰਵ ਨੂੰ ਜਗਦਾਲੇ ਮਾਮਾ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਖੇਡ ਜਗਤ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਆਰਵ ਦੇ ਪਿਤਾ, ਯੋਗੀਰਾਜ ਚੌਧਰੀ ਨੇ ਕੈਂਪ ਪ੍ਰਬੰਧਕਾਂ 'ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਨਾਬਾਲਗ ਬੱਚਿਆਂ ਤੋਂ ਇੰਨਾ ਭਾਰੀ ਕੰਮ ਕਰਵਾਉਣਾ ਬਿਲਕੁੱਲ ਗਲਤ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਮੌਕੇ 'ਤੇ ਕੋਈ ਕੋਚ ਜਾਂ ਸਟਾਫ ਮੌਜੂਦ ਨਹੀਂ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸੁਰੱਖਿਆ ਦੇ ਸਹੀ ਇੰਤਜ਼ਾਮ ਹੁੰਦੇ ਤਾਂ ਆਰਵ ਦੀ ਜਾਨ ਬਚਾਈ ਜਾ ਸਕਦੀ ਸੀ।
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ ਅਤੇ ਉਨ੍ਹਾਂ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸਵਾਲ ਵੀ ਉੱਠ ਰਹੇ ਹਨ ਕਿ ਕੀ ਅਜਿਹੇ ਸਿਖਲਾਈ ਕੈਂਪਾਂ 'ਚ ਬੱਚਿਆਂ ਦੀ ਸੁਰੱਖਿਆ ਲਈ ਕੋਈ ਨਿਯਮ ਹਨ ਜਾਂ ਨਹੀਂ। ਆਰਵ ਨੂੰ ਇਕ ਹੋਣਹਾਰ ਵਿਦਿਆਰਥੀ ਅਤੇ ਕ੍ਰਿਕਟ ਪ੍ਰੇਮੀ ਵਜੋਂ ਜਾਣਿਆ ਜਾਂਦਾ ਸੀ, ਅਤੇ ਉਸ ਦੀ ਮੌਤ ਨੇ ਪੂਰੇ ਖੇਡ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਜ਼ੱਫਰਪੁਰ 'ਚ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦੇ ਦੋਸ਼ੀ ਦਾ ਗੋਲੀਆਂ ਮਾਰ ਕੇ ਕਤਲ
NEXT STORY