ਮੁੰਬਈ : ਮਹਾਰਾਸ਼ਟਰ ਵਿੱਚ ਮਰਾਠੀ ਹਿੱਤਾਂ ਦੀ ਰਾਖੀ ਲਈ ਇੱਕ ਮਰਾਠੀ ਜਥੇਬੰਦੀ ਵੱਲੋਂ ਆਈ.ਏ.ਐਸ. (IAS) ਅਧਿਕਾਰੀ ਤੁਕਾਰਾਮ ਮੁੰਢੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਗਈ ਹੈ। ਦੱਖਣੀ ਮੁੰਬਈ ਦੇ ਗਿਰਗਾਂਵ ਖੇਤਰ ਨਾਲ ਜੁੜੀ ਜਥੇਬੰਦੀ 'ਆਮਹੀ ਗਿਰਗਾਂਵਕਰ' ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਵਿਸਤ੍ਰਿਤ ਪੱਤਰ ਲਿਖਿਆ ਹੈ।
ਤੁਕਾਰਾਮ ਮੁੰਢੇ ਮੌਜੂਦਾ ਸਮੇਂ ਮਹਾਰਾਸ਼ਟਰ ਵਿੱਚ ਫੂਡ ਅਤੇ ਡਰੱਗ ਪ੍ਰਸ਼ਾਸਨ (FDA) ਦੇ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਮਿਲਾਵਟਖੋਰਾਂ ਖਿਲਾਫ਼ ਉਨ੍ਹਾਂ ਦੀ ਲਗਾਤਾਰ ਸਖ਼ਤ ਕਾਰਵਾਈ ਕਾਰਨ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਜਥੇਬੰਦੀ ਦਾ ਦਾਅਵਾ ਹੈ ਕਿ ਸੂਬਾ ਅਤੇ ਮਰਾਠੀ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਮੁੰਢੇ ਵਰਗੇ ਨਿਡਰ ਅਤੇ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀ ਦੀ ਲੋੜ ਹੈ, ਜੋ ਬਿਨਾਂ ਕਿਸੇ ਰਾਜਨੀਤਿਕ ਦਬਾਅ ਦੇ ਨਿਰਪੱਖ ਫੈਸਲੇ ਲੈ ਸਕਣ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮਰਾਠੀ ਭਾਸ਼ਾ ਬੋਲਣ ਵਾਲਿਆਂ ਨਾਲ ਹੁੰਦੇ ਕਥਿਤ ਵਿਤਕਰੇ ਨੂੰ ਰੋਕਣ ਲਈ ਨਵੇਂ ਕਾਨੂੰਨ ਬਣਾਏ ਜਾਣ ਅਤੇ ਨਵੀਆਂ ਇਮਾਰਤਾਂ ਵਿੱਚ ਮਰਾਠੀ ਪਰਿਵਾਰਾਂ ਲਈ ਘਰ ਰਾਖਵੇਂ ਕੀਤੇ ਜਾਣ। ਇਸ ਤੋਂ ਇਲਾਵਾ ਮੁੰਬਈ ਦੇ ਜਨਤਕ ਮੈਦਾਨਾਂ, ਸਰਕਾਰੀ ਜ਼ਮੀਨਾਂ ਅਤੇ ਮਹੱਤਵਪੂਰਨ ਬੰਦਰਗਾਹਾਂ ਨੂੰ ਬਾਹਰੀ ਅਮੀਰ ਲੋਕਾਂ ਦੇ ਕਬਜ਼ੇ ਤੋਂ ਬਚਾਉਣ ਲਈ ਸਖ਼ਤ ਪ੍ਰਸ਼ਾਸਨਿਕ ਦਖਲਅੰਦਾਜ਼ੀ ਦੀ ਅਪੀਲ ਕੀਤੀ ਗਈ ਹੈ।
ਜਥੇਬੰਦੀ ਨੇ ਪੱਤਰ ਵਿੱਚ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮਰਾਠੀ ਸਮਾਜ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਇਹ ਮੁੱਦਾ ਭਵਿੱਖ ਵਿੱਚ 'ਸੰਯੁਕਤ ਮਹਾਰਾਸ਼ਟਰ ਅੰਦੋਲਨ' ਤੋਂ ਵੀ ਵੱਧ ਉਗਰ ਅੰਦੋਲਨ ਦਾ ਰੂਪ ਧਾਰਨ ਕਰ ਸਕਦਾ ਹੈ।
ਸੂਰਜ ਦਾ ਕੰਨਿਆ ਰਾਸ਼ੀ 'ਚ ਗੋਚਰ: ਨੋਟਾਂ 'ਚ ਖੇਡਣਗੀਆਂ ਇਹ 5 ਰਾਸ਼ੀਆਂ, ਆ ਰਿਹਾ 'ਗੋਲਡਨ ਟਾਈਮ'
NEXT STORY