ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਜ਼ਿਲ੍ਹਾ ਹਸਪਤਾਲ 'ਚ ਇਕ ਡਾਕਟਰ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਇਕ 14 ਸਾਲਾ ਮਾਨਸਿਕ ਤੌਰ 'ਤੇ ਅਸਵਸਥ ਕੁੜੀ ਦੀ ਲੱਤ ਸਿਰਫ ਇਸ ਲਈ ਦੁਬਾਰਾ ਤੋੜ ਦਿੱਤੀ ਕਿਉਂਕਿ ਉਸ ਦੀ ਵਿਧਵਾ ਮਾਂ ਇਲਾਜ ਦੇ ਬਾਕੀ ਪੈਸੇ ਨਹੀਂ ਦੇ ਸਕੀ ਸੀ।
ਪੀੜਤਾ ਦੀ ਮਾਂ ਰੇਸ਼ਮਾ ਅਨੁਸਾਰ, ਉਸ ਦੀ ਧੀ ਦੀ ਲੱਤ ਦਾ ਆਪ੍ਰੇਸ਼ਨ ਕਰੀਬ ਡੇਢ ਮਹੀਨਾ ਪਹਿਲਾਂ ਜ਼ਿਲ੍ਹਾ ਹਸਪਤਾਲ 'ਚ ਹੋਇਆ ਸੀ। ਹਸਪਤਾਲ ਦੇ ਸਟਾਫ਼ ਨੇ ਇਸ ਆਪ੍ਰੇਸ਼ਨ ਲਈ 25,000 ਰੁਪਏ ਦੀ ਮੰਗ ਕੀਤੀ ਸੀ। ਜਦੋਂ ਵਿਧਵਾ ਮਾਂ ਨੇ ਪੈਸੇ ਦੇਣ 'ਚ ਆਪਣੀ ਅਸਮਰੱਥਾ ਜਤਾਈ, ਤਾਂ ਉਨ੍ਹਾਂ ਨੇ ਇਲਾਜ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਕੋਲ ਗੁਹਾਰ ਲਗਾਈ, ਜਿਨ੍ਹਾਂ ਨੇ ਮੁੱਖ ਚਿਕਿਤਸਾ ਅਧਿਕਾਰੀ (ਸੀਐੱਮਓ) ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ। ਹਾਲਾਂਕਿ, ਡੀਐਮ ਦੇ ਸਖ਼ਤ ਹੁਕਮਾਂ ਦੇ ਬਾਵਜੂਦ, ਹਸਪਤਾਲ ਦੇ ਸਟਾਫ਼ ਨੇ ਉਸ ਤੋਂ 8,000 ਰੁਪਏ ਵਸੂਲ ਲਏ ਅਤੇ ਕਿਹਾ ਕਿ ਬਾਕੀ ਦੇ ਪੈਸੇ ਬਾਅਦ 'ਚ ਦੇਣੇ ਪੈਣਗੇ।
ਚੈੱਕਅਪ ਦੌਰਾਨ ਜ਼ਬਰਦਸਤੀ ਮਰੋੜਿਆ ਗੋਡਾ
ਮਹਿਲਾ ਨੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਜਦੋਂ ਉਹ ਕੁਝ ਦਿਨਾਂ ਬਾਅਦ ਆਪਣੀ ਧੀ ਨੂੰ ਚੈੱਕਅਪ ਲਈ ਹਸਪਤਾਲ ਲੈ ਕੇ ਗਈ, ਤਾਂ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਚਤੁਰਵੇਦੀ ਨੇ ਬੱਚੀ ਦਾ ਗੋਡਾ ਜ਼ਬਰਦਸਤੀ ਮਰੋੜ ਦਿੱਤਾ। ਉਸੇ ਸਮੇਂ ਲੱਤ 'ਚੋਂ ਹੱਡੀ ਟੁੱਟਣ ਦੀ ਆਵਾਜ਼ ਆਈ ਅਤੇ ਮਾਸੂਮ ਬੱਚੀ ਦਰਦ ਨਾਲ ਚੀਕ ਪਈ। ਇਸ ਦੇ ਬਾਵਜੂਦ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਹਸਪਤਾਲ ਤੋਂ ਦੌੜਾ ਦਿੱਤਾ। ਬਾਅਦ 'ਚ ਜਦੋਂ ਦੂਜੀ ਥਾਂ ਤੋਂ ਐਕਸ-ਰੇ ਕਰਵਾਇਆ ਗਿਆ, ਤਾਂ ਉਸ 'ਚ ਹੱਡੀ ਟੁੱਟੀ ਹੋਈ ਪਾਈ ਗਈ। ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁਜ਼ੱਫਰਨਗਰ ਦੇ ਸੀਐੱਮਓ ਸੁਨੀਲ ਤੇਵਤੀਆ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਡਾਕਟਰਾਂ ਜਾਂ ਹਸਪਤਾਲ ਦੇ ਸਟਾਫ਼ ਦੀ ਕੋਈ ਵੀ ਲਾਪਰਵਾਹੀ ਜਾਂ ਦੋਸ਼ ਪਾਇਆ ਗਿਆ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਤਰੇਈ ਧੀ ਦਾ ਕਤਲ ਕਰ ਦਫਨਾਈ ਲਾਸ਼, ਦੋਸ਼ੀ ਪਿਤਾ ਸਣੇ 2 ਗ੍ਰਿਫ਼ਤਾਰ
NEXT STORY