ਅੱਜ ਦੇ ਤਕਨਾਲੋਜੀ ਪ੍ਰਧਾਨ ਵਿਸ਼ਵ ’ਚ ਏ. ਆਈ. (ਬਨਾਵਟੀ ਬੁੱਧੀਮਤਾ) ਦੇ ਆਉਣ ਨਾਲ ਲੋਕਾਂ ਨੂੰ ਬਹੁਤ ਸੁਵਿਧਾ ਹੋਈ ਹੈ, ਪਰ ਇਸ ਦੀ ਸੰਭਾਵੀ ਦੁਰਵਰਤੋਂ ਦੇ ਖ਼ਦਸ਼ੇ ਨਾਲ ਕਈ ਲੋਕਾਂ ਦੇ ਮਨ ’ਚ ਡਰ ਵੀ ਬੈਠਾ ਹੋਇਆ ਹੈ। ਲੋਕਾਂ ਦੀ ਚਿੰਤਾ ਦਾ ਇਕ ਕਾਰਨ ਤਾਂ ਇਹ ਹੈ ਹੀ ਕਿ ਏ. ਆਈ. ਦੀ ਵਜ੍ਹਾ ਨਾਲ ਇਕ-ਦੂਜੇ ਦੇ ਡਾਟਾ ਬੇਸ ’ਚ ਵੜ ਕੇ ਲੋਕਾਂ ਦਾ ਡਾਟਾ ਕੱਢਿਆ ਜਾ ਰਿਹਾ ਹੈ, ਜੋ ਨਹੀਂ ਹੋਣਾ ਚਾਹੀਦਾ।
ਜਿਵੇਂ-ਜਿਵੇਂ ਏ. ਆਈ. ਦਾ ਵਿਕਾਸ ਹੋ ਰਿਹਾ ਹੈ, ਉਸੇ ਅਨੁਪਾਤ ’ਚ ਲੋਕਾਂ ਦੀ ਨਿੱਜਤਾ ਖ਼ਤਮ ਹੁੰਦੀ ਜਾ ਰਹੀ ਹੈ। ਇਕ ਰਿਪੋਰਟ ਅਨੁਸਾਰ ਏ. ਆਈ. ਲੋਕਾਂ ਬਾਰੇ ਇੰਨੀ ਜਾਣਕਾਰੀ ਜੁਟਾ ਸਕਦੀ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਉਨ੍ਹਾਂ ਨਾਲ ਸਬੰਧਤ ਕਿੰਨੀ ਜਾਣਕਾਰੀ ਏ. ਆਈ. ਤੱਕ ਪਹੁੰਚ ਗਈ ਹੈ।
ਯੂਰਪੀ ਸੰਘ ਨੇ 2024 ’ਚ ਇਕ ਕਾਨੂੰਨ ਬਣਾ ਕੇ ਤੈਅ ਕਰ ਦਿੱਤਾ ਸੀ ਕਿ ਏ. ਆਈ. ਦੀ ਸਹਾਇਤਾ ਨਾਲ ਕੀ-ਕੀ ਕੀਤਾ ਜਾ ਸਕਦਾ ਹੈ। ਇਸ ਦੇ ਅਨੁਸਾਰ ਫੇਕ ਵੀਡੀਓ ਬਣਾਉਣ ਵਾਲੇ ਜਾਂ ਏ. ਆਈ. ਦੀ ਸਹਾਇਤਾ ਨਾਲ ਕੁਝ ਲਿਖਣ ਵਾਲੇ ਵਿਅਕਤੀ ਨੂੰ ਇਹ ਲਿਖਣਾ ਪਵੇਗਾ ਕਿ ਉਹ ਫੇਕ ਵੀਡੀਓ ਹੈ ਜਾਂ ਏ. ਆਈ. ਨਾਲ ਬਣਾਇਆ ਗਿਆ ਹੈ। ਜੇਕਰ ਕੋਈ ਵਿਅਕਤੀ ਆਮ ਸਲਾਹ ਜਾਂ ਮੈਡੀਕਲ ਸਲਾਹ ਦੇ ਰਿਹਾ ਹੈ ਤਾਂ ਉਸ ਨੂੰ ਲਿਖਣਾ ਪਵੇਗਾ ਕਿ ਇਹ ਏ. ਆਈ. ਵਲੋਂ ਦਿੱਤੀ ਗਈ ਸਲਾਹ ਹੈ।
ਇੱਥੋਂ ਤੱਕ ਕਿ ਸਰਕਾਰਾਂ ਲਈ ਵੀ ਕੁਝ ਨਿਯਮ ਤੈਅ ਕੀਤੇ ਗਏ ਹਨ ਕਿ ਸਰਕਾਰ ਕਿਸੇ ਵਿਅਕਤੀ ਦੀ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਨਹੀਂ ਕਰ ਸਕਦੀ, ਭਾਵੇਂ ਕੋਈ ਵਿਅਕਤੀ ਹੋਵੇ ਜਾਂ ਸਰਕਾਰ। ਅਲਬੱਤਾ ਸਰਕਾਰ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਅਪਰਾਧਿਕ ਕੇਸਾਂ ’ਚ ਉਹ ਐਕਸ਼ਨ ਲੈ ਸਕਦੀ ਹੈ ਪਰ ਉਦੋਂ ਹੀ ਜੇਕਰ ਅਦਾਲਤ ਇਸ ਗੱਲ ਦਾ ਫ਼ੈਸਲਾ ਕਰ ਦੇਵੇ ਕਿ ਫਲਾਣਾ ਵਿਅਕਤੀ ਅਪਰਾਧੀ ਹੈ।
ਇਸ ਤਰ੍ਹਾਂ ਦੇ ਹਾਲਾਤ ਦੇ ਵਿਚਾਲੇ ਜੇਕਰ ਅਮਰੀਕਾ ’ਚ ਕੋਈ ਕਾਨੂੰਨ ਨਹੀਂ ਬਣਦਾ ਅਤੇ ਭਾਰਤ, ਏਸ਼ੀਆ ਆਦਿ ’ਚ ਏ. ਆਈ. ਸਬੰਧੀ ਕਾਨੂੰਨ ਨਹੀਂ ਬਣਨਗੇ ਤਾਂ ਸਾਰੀ ਦੁਨੀਆ ’ਚ ਬਹੁਤ ਜ਼ਿਆਦਾ ਫੇਕ ਸਮੱਗਰੀ ਤਿਆਰ ਕੀਤੀ ਜਾਣ ਲੱਗੇਗੀ, ਜਿਸ ਨਾਲ ਮਾਨਵ ਜਾਤੀ ਦਾ ਹੀ ਨੁਕਸਾਨ ਹੋਵੇਗਾ ਕਿਉਂਕਿ ਸਭ ਦੇ ਸਾਹਮਣੇ ਇਹ ਇਕ ਬਹੁਤ ਵੱਡੀ ਚੁਣੌਤੀ ਹੈ।
ਹਾਲਾਂਕਿ ਏ. ਆਈ. ਨਾਲ ਮੈਡੀਕਲ ਰਿਸਰਚ ’ਚ ਬਹੁਤ ਮਦਦ ਮਿਲੇਗੀ ਕਿਉਂਕਿ ਏ. ਆਈ. ਅਜਿਹੇ ਕੰਮ ਵੀ ਬੜੀ ਆਸਾਨੀ ਨਾਲ ਕਰ ਲੈਂਦੀ ਹੈ ਜਿਨ੍ਹਾਂ ਨੂੰ ਕਰਨ ’ਚ ਆਮ ਤੌਰ ’ਤੇ ਬਹੁਤ ਦੇਰ ਲੱਗੇ ਜਾਂ ਏ. ਆਈ. ਦੀ ਸਹਾਇਤਾ ਨਾਲ ਕੋਈ ਵੀ ਗਣਨਾ ਬਹੁਤ ਜਲਦੀ ਕੀਤੀ ਜਾ ਸਕਦੀ ਹੈ, ਪਰ ਏ. ਆਈ. ਦੀ ਵਰਤੋਂ ਨਾਲ ਵੱਡੇ ਜੋਖਮ ਵੀ ਜੁੜੇ ਹੋਏ ਹਨ।
ਏ. ਆਈ. ਦੇ ਕਾਰਨ ਵੱਡੀ ਗਿਣਤੀ ’ਚ ਬੇਰੋਜ਼ਗਾਰੀ ਤਾਂ ਵਧੇਗੀ ਹੀ, ਕਿਉਂਕਿ ਵਿਸ਼ਵ ਦੇ ਤਮਾਮ ਦੇਸ਼ਾਂ ਅਮਰੀਕਾ, ਯੂਰਪ, ਚੀਨ ਆਦਿ ਨੇ ਰੋਬੋਟਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸਕਿੱਲਡ ਜਾਂ ਗ਼ੈਰ-ਅਨ-ਸਕਿੱਲਡ ਲੇਬਰ ਸਭ ’ਤੇ ਇਸ ਦਾ ਪ੍ਰਭਾਵ ਪਵੇਗਾ ਪਰ ਸਭ ਤੋਂ ਵੱਧ ਪ੍ਰਭਾਵ ਮਾਨਵ ਜਾਤੀ ਦੀ ਸੋਚਣ ਦੀ ਪ੍ਰਕਿਰਿਆ, ਸੰਵੇਦਨਸ਼ੀਲਤਾ ਆਦਿ ’ਤੇ ਪਵੇਗਾ ਕਿਉਂਕਿ ਗਲਤ ਡਾਟਾ ਤੋਂ ਪੈਦਾ ਹੋਣ ਵਾਲੀਆਂ ਭਾਵਨਾਵਾਂ ਕਿਸੇ ਗਲਤ ਸਿੱਟੇ ’ਤੇ ਹੀ ਪਹੁੰਚਣਗੀਆਂ।
ਜੇਕਰ ਏ. ਆਈ. ਮਸ਼ੀਨਾਂ ਨੂੰ ਸੋਚਣ ਦੀ ਸ਼ਕਤੀ ਦੇ ਦਿੱਤੀ ਗਈ ਤਾਂ ਉਹ ਸਾਡੇ ਵਿਰੁੱਧ ਵੀ ਜਾ ਸਕਦੀਆਂ ਹਨ? ਅਜੇ ਇਹ ਸਿਰਫ਼ ਅੰਦਾਜ਼ਾ ਹੈ ਪਰ ਜੇਕਰ ਏ. ਆਈ. ਖ਼ੁਦ ਵਿਕਸਿਤ ਹੋਣਾ ਸ਼ੁਰੂ ਕਰ ਦੇਵੇ ਅਤੇ ਮਨੁੱਖ ਦੇ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ।
ਕੁਝ ਨਿਯਮਾਂ ਨੂੰ ਨਿਰਧਾਰਿਤ ਕੀਤੇ ਬਿਨਾਂ ਹੀ ਜੇਕਰ ਇਹ ਪ੍ਰਣਾਲੀ ਲਾਗੂ ਹੋ ਗਈ ਤਾਂ ਫਿਰ ਇਹ ਮਾਨਵ ਜਾਤੀ ਲਈ ਬਹੁਤ ਵੱਡਾ ਝਟਕਾ ਹੋਵੇਗਾ। ਆਖ਼ਿਰ ਅਸੀਂ ਕਿਸ ਦਿਸ਼ਾ ’ਚ ਜਾਣਾ ਚਾਹੁੰਦੇ ਹਾਂ? ਜਾਂ ਕੀ ਅਸੀਂ ਚਾਹੁੰਦੇ ਹਾਂ ਕਿ ਸੋਚਣਾ ਬੰਦ ਕਰ ਦਿੱਤਾ ਜਾਵੇ? ਕੀ ਅਸੀਂ ਕੰਮ ਕਰਨਾ ਬੰਦ ਕਰਨਾ ਚਾਹੁੰਦੇ ਹਾਂ? ਅਨੇਕਾਂ ਦੇਸ਼ਾਂ ਨੇ ਇਹ ਵੀ ਕਰ ਲਿਆ ਹੈ ਕਿ ਜੇਕਰ ਬੇਰੋਜ਼ਗਾਰੀ ਆ ਗਈ ਤਾਂ ਉਹ ਆਪਣੀ ਜਨਤਾ ਨੂੰ ਇਕ ਨਿਰਧਾਰਿਤ ਰਕਮ ਦੇਣਗੇ।
ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਸਾਡੇ ਵਰਗੇ ਦੇਸ਼ ਇਸ ਸਿਲਸਿਲੇ ’ਚ ਆਪਣੀ ਵਿਸ਼ਾਲ ਜਨਸੰਖਿਆ ਨੂੰ ਪ੍ਰਤੀ ਮਹੀਨਾ ਦੋ-ਦੋ, ਢਾਈ-ਢਾਈ ਲੱਖ ਰੁਪਏ ਅਤੇ ਖਾਣਾ-ਰਹਿਣਾ ਮੁਫ਼ਤ ਦੇ ਸਕਣਗੇ?
ਅਜਿਹਾ ਨਹੀਂ ਕਿ ਤੁਸੀਂ ਏ. ਆਈ. ਦੀ ਵਰਤੋਂ ਨਾ ਕਰੋ, ਨਵੀਂ ਤਕਨਾਲੋਜੀ ਨੂੰ ਨਾ ਆਉਣ ਦਿਓ ਪਰ ਲੋੜ ਇਹ ਹੈ ਕਿ ਉਸ ਨੂੰ ਕੰਟਰੋਲ ਕਰਨ ਲਈ ਸਰਕਾਰ ਅਤੇ ਜਨਤਾ ਦੋਵਾਂ ਲਈ ਵਿਸ਼ੇਸ਼ ਕਾਨੂੰਨ ਹੋਣੇ ਚਾਹੀਦੇ ਹਨ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਏ. ਆਈ. ਜਲ ਸੰਕਟ ਦਾ ਕਾਰਨ ਬਣ ਰਹੀ ਹੈ। ਏ. ਆਈ. ਮਾਡਲ ਚਲਾਉਣ ਵਾਲੇ ਸ਼ਕਤੀਸ਼ਾਲੀ ਕੰਪਿਊਟਰ ਚਿੱਪਸ ਬਹੁਤ ਜ਼ਿਆਦਾ ਗਰਮੀ ਪੈਦਾ ਕਰਦੇ ਹਨ ਅਤੇ ਹਰੇਕ ਪ੍ਰੋਸੈੱਸਰ 700 ਵਾਟ ਤੱਕ ਬਿਜਲੀ ਦੀ ਖਪਤ ਕਰਦਾ ਹੈ। ਇਨ੍ਹਾਂ ਨੂੰ ਠੰਢਾ ਰੱਖਣ ਲਈ ਗਰਮ ਹਵਾ ਗਿੱਲੇ ਪੈਡਾਂ ਰਾਹੀਂ ਖਿੱਚੀ ਜਾਂਦੀ ਹੈ, ਜਿਸ ਨਾਲ ਰੋਜ਼ਾਨਾ ਲੱਖਾਂ ਲੀਟਰ ਸਾਫ਼ ਪੀਣ ਵਾਲਾ ਪਾਣੀ ਭਾਫ਼ ਬਣ ਕੇ ਵਾਤਾਵਰਣ ’ਚ ਉੱਡ ਜਾਂਦਾ ਹੈ।
ਅਮਰੀਕਾ ਦੇ ਡਾਟਾ ਸੈਂਟਰਾਂ ਨੇ 2023 ’ਚ ਅਨੁਮਾਨਿਤ 17 ਅਰਬ ਗੈਲਨ (ਲਗਭਗ 64.35 ਅਰਬ ਲੀਟਰ) ਪਾਣੀ ਦੀ ਖਪਤ ਕੀਤੀ ਅਤੇ ਅਨੁਮਾਨ ਹੈ ਕਿ 2028 ਤੱਕ ਇਹ ਖਪਤ ਵਧ ਕੇ 68 ਅਰਬ ਗੈਲਨ (257.41 ਅਰਬ ਲੀਟਰ) ਪ੍ਰਤੀ ਸਾਲ ਤੱਕ ਪਹੁੰਚ ਜਾਵੇਗੀ। ਇਕ ਦਰਮਿਆਨੇ ਆਕਾਰ ਦਾ 100 ਮੈਗਾਵਾਟ ਡਾਟਾ ਸੈਂਟਰ ਰੋਜ਼ਾਨਾ ਲਗਭਗ 20 ਲੱਖ ਲੀਟਰ ਪਾਣੀ ਦੀ ਖਪਤ ਕਰ ਸਕਦਾ ਹੈ, ਜਿਸ ਨਾਲ ਸਥਾਨਕ ਨਗਰਪਾਲਿਕਾ ਜਲ ਸਪਲਾਈ ’ਤੇ ਦਬਾਅ ਪੈਂਦਾ ਹੈ ਅਤੇ ਖੇਤਰੀ ਜ਼ਮੀਨ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ ਆਉਂਦੀ ਹੈ। ਇਸ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY