ਮੁੰਬਈ (ਏਜੰਸੀ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਮੁੰਬਈ ਖੇਤਰੀ ਇਕਾਈ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਏਅਰਪੋਰਟ (ਸੀਏਐੱਮਆਈਏ) ਰਾਹੀਂ ਚੱਲ ਰਹੀ ਸੋਨੇ ਦੀ ਤਸਕਰੀ ਦੇ ਇਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚੋਂ 2 ਟ੍ਰਾਂਜਿਟ ਯਾਤਰੀ ਅਤੇ ਏਅਰਪੋਰਟ ਕਰਮਚਾਰੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਡੀਆਆਈ ਨੇ ਵਿਦੇਸ਼ੀ ਮੂਲ ਦਾ 3.56 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਮੋਮ ਦੇ ਰੂਪ 'ਚ ਸੀ, ਜਿਸ 'ਚ ਸੋਨੇ ਦਾ ਬੁਰਾਦਾ ਮਿਲਿਆ ਹੋਇਆ ਸੀ ਅਤੇ ਇਸ ਨੂੰ 8 ਕੈਪਸੂਲ 'ਚ ਲੁਕਾ ਕੇ ਰੱਖਿਆ ਸੀ। ਇਸ ਦੀ ਕੁੱਲ ਕੀਮਤ ਲਗਭਗ 5.47 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 'ਆਪਰੇਸ਼ਨ ਗੋਲਡਨ ਨੈਕਸਸ' ਦੇ ਅਧੀਨ ਚਲਾਈ ਗਈ ਸੀ। ਇਹ ਕਾਰਵਾਈ ਏਅਰਪੋਰਟ ਕਰਮਾਚਰੀਆਂ ਦੀ ਮਦਦ ਨਾਲ ਅੰਤਰਰਾਸ਼ਟਰੀ ਟ੍ਰਾਂਜਿਟ ਯਾਤਰੀਆਂ ਰਾਹੀਂ ਸੋਨੇ ਦੀ ਤਸਕਰੀ ਬਾਰੇ ਮਿਲੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ। ਡੀਆਰਆਈ ਅਧਿਕਾਰੀਆਂ ਨੇ ਮੁਹਿੰਮ ਦੌਰਾਨ ਦੁਬਈ ਤੋਂ ਮੁੰਬਈ ਹੁੰਦੇ ਹੋਏ ਬੈਂਕਾਕ ਜਾ ਰਹੇ ਮੁਹੰਮਦ ਜ਼ਾਹਿਦ ਸ਼ੇਖ (50) ਨੂੰ ਰੋਕਿਆ ਸੀ। ਦੋਸ਼ ਹੈ ਕਿ ਉਸ ਨੇ ਗੇਟ 84 ਕੋਲ ਪ੍ਰਾਰਥਨਾ ਕਮਰੇ ਕੋਲ ਹਵਾਈ ਅੱਡੇ ਦੇ ਇਕ ਕਰਮਚਾਰੀ ਨੂੰ ਸੋਨੇ ਨਾਲ ਭਰੇ 2 ਕੈਪਸੂਲ ਸੌਂਪੇ ਸਨ।
ਇਕ ਹੋਰ ਟ੍ਰਾਂਜਿਟ ਯਾਤਰੀ ਇਨਾਮੁਲ ਮੁਹੰਮਦ ਯਾਸਿਨ ਇਸਲਾਮ (45), ਜੋ ਮਸਕਟ ਤੋਂ ਮੁੰਬਈ ਹੁੰਦੇ ਹੋਏ ਬੈਂਕਾਕ ਜਾ ਰਿਹਾ ਸੀ ਬਾਰੇ ਵੀ ਪਤਾ ਲੱਗਾ ਕਿ ਉਸ ਨੇ ਟ੍ਰਾਂਜਿਟ ਏਰੀਆ 'ਚ ਤਿੰਨ ਕੈਪਸੂਲ ਸੌਂਪੇ ਸਨ। ਇਸ ਤੋਂ ਬਾਅਦ ਜਾਂਚ 'ਚ ਡੀਆਰਆਈ ਜ਼ਫਰ ਸ਼ੇਖ ਹਸਨ (21) ਤੱਕ ਪਹੁੰਚੇ। ਜ਼ਫਰ ਏਅਰ ਇੰਡੀਆ ਏਅਰਪੋਰਟ ਸਰਵਿਸੇਜ਼ ਲਿਮਟਿਡ 'ਚ ਕਸਟਮਰ ਸਰਵਿਸ ਐਗਜ਼ੀਕਿਊਟਿਵ ਵਜੋਂ ਕੰਮ ਕਰਦਾ ਸੀ। ਖੁਫੀਆ ਜਾਣਕਾਰੀ ਮਿਲੀ ਸੀ ਕਿ ਉਹ ਏਅਰਪੋਰਟ ਤੋਂ ਤਸਕਰੀ ਦਾ ਸੋਨਾ ਬਾਹਰ ਕੱਢਣ 'ਚ ਸ਼ਾਮਲ ਸੀ, ਇਸ ਲਈ ਉਸ ਨੂੰ ਏਅਰਪੋਰਟ ਤੋਂ ਨਿਕਲਣ ਤੋਂ ਬਾਅਦ ਰੋਕਿਆ ਗਿਆ। ਏਜੰਸੀ ਨੇ ਦੱਸਿਆ ਕਿ ਉਸ ਕੋਲੋਂ ਜ਼ੁਰਾਬ 'ਚ ਲੁਕਾ ਕੇ ਰੱਖੇ ਆਂਡੇ ਦੇ ਆਕਾਰ ਦੇ ਤਿੰਨ ਕੈਪਸੂਲ ਬਰਾਮਦ ਕੀਤੇ ਗਏ। ਪੁੱਛ-ਗਿੱਛ ਦੌਰਾਨ ਜ਼ਫਰ ਨੇ ਏਅਰਪੋਰਟ ਦੇ ਹੀ ਇਕ ਹੋਰ ਕਰਮਚਾਰੀ ਕਾਜਲ ਜਾਇਸਵਾਲ (35) ਦੀ ਭੂਮਿਕਾ ਦਾ ਖੁਲਾਸਾ ਕੀਤਾ, ਜਿਸ ਨੇ ਉਸ ਨੂੰ ਸੋਨਾ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਯਾਤਰੀਆਂ ਅਤੇ ਏਅਰਪੋਰਟ ਕਰਮਚਾਰੀਆਂ ਵਿਚਾਲੇ ਸੋਨਾ ਤਸਕਰੀ 'ਚ ਸਹਿਯੋਗ ਕਰਨ ਵਾਲੇ ਇਕ ਹੈਂਡਲਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਇਸ ਮਾਮਲੇ 'ਚ ਫੜ੍ਹੇ ਗਏ ਦੋਸ਼ੀਆਂ ਦੀ ਕੁੱਲ ਗਿਣਤੀ 5 ਹੋ ਗਈ। ਦੋਸ਼ੀਆਂ 'ਤੇ ਕਸਟਮ ਐਕਟ 1962 ਦੀ ਧਾਰਾ 135 ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਡੀਆਰਆਈ ਨੇ ਕਿਹਾ ਕਿ ਦੋਵੇਂ ਟ੍ਰਾਂਜਿਟ ਯਾਤਰੀਆਂ ਨੇ ਕਸਟਮ ਐਕਟ ਦੀ ਧਾਰਾ 108 ਦੇ ਤਹਿਤ ਦਰਜ ਆਪਣੇ ਬਿਆਨਾਂ 'ਚ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਲਈ ਕੰਮ ਕਰਨ ਦੀ ਗੱਲ ਕਬੂਲ ਕੀਤੀ ਹੈ। ਏਜੰਸੀ ਨੇ ਕਿਹਾ ਕਿ ਇਸ ਕਾਰਵਾਈ ਦੇ ਪਿੱਛੇ ਮਾਸਟਰਮਾਈਂਡ ਦੀ ਪਛਾਣ ਕਰਨ, ਵਿੱਤੀ ਅਤੇ ਲੌਜਿਸਟਿਕਲ ਲਿੰਕਾਂ ਦਾ ਪਤਾ ਲਗਾਉਣ ਅਤੇ ਨੈੱਟਵਰਕ 'ਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬ੍ਰਿਕਸ ਸੰਮੇਲਨ ਸ਼ੁਰੂ ; ਭਾਰਤ ਮੰਡਪਮ ਪੁੱਜੇ ਗਲੋਬਲ ਲੀਡਰ, PM ਮੋਦੀ ਨੇ ਕੀਤਾ ਸੰਬੋਧਨ
NEXT STORY