ਨੈਸ਼ਨਲ ਡੈਸਕ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ’ਚ ਉਲਝਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਸੀ. ਐੱਮ. ਕੇਜਰੀਵਾਲ ਗ੍ਰਿਫ਼ਤਾਰੀ ਤੋਂ ਮੁਕਤ ਨਹੀਂ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ’ਤੇ ਈ. ਡੀ. ਸ਼ਿਕੰਜਾ ਕੱਸਦੀ ਜਾ ਰਹੀ ਹੈ। ਵੀਰਵਾਰ ਸ਼ਾਮ ਨੂੰ ਈ. ਡੀ. ਦੀ ਟੀਮ ਨੇ ਸੀ. ਐੱਮ. ਕੇਜਰੀਵਾਲ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਦੱਸ ਦੇਈਏ ਕਿ ਈ. ਡੀ. ਨੇ ਸੀ. ਐੱਮ. ਕੇਜਰੀਵਾਲ ਨੂੰ 9 ਵਾਰ ਸੰਮਨ ਭੇਜੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁਲ ਜਾਇਦਾਦ 3.44 ਕਰੋੜ ਰੁਪਏ ਹੈ। ਨਕਦੀ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਸਿਰਫ਼ 12 ਹਜ਼ਾਰ ਰੁਪਏ ਤੇ ਪਤਨੀ ਕੋਲ ਸਿਰਫ਼ 9 ਹਜ਼ਾਰ ਰੁਪਏ ਹਨ। ਉਨ੍ਹਾਂ ਦੇ ਪਰਿਵਾਰ ਦੇ 6 ਬੈਂਕ ਖ਼ਾਤੇ ਹਨ, ਜਿਨ੍ਹਾਂ ’ਚ ਕੁਲ 33.29 ਲੱਖ ਰੁਪਏ ਜਮ੍ਹਾ ਹਨ। ਮੁੱਖ ਮੰਤਰੀ ਕੇਜਰੀਵਾਲ ’ਤੇ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਹੈ। ਆਓ ਜਾਣਦੇ ਹਾਂ ਕਿ ਉਨ੍ਹਾਂ ਦੀ ਜਾਇਦਾਦ ਕਿਥੇ-ਕਿਥੇ ਹੈ–
40 ਹਜ਼ਾਰ ਦੀ ਚਾਂਦੀ ਤੇ 32 ਲੱਖ ਦਾ ਸੋਨਾ
ਸਾਲ 2020 ਦੇ ਚੋਣ ਹਲਫ਼ਨਾਮੇ ਮੁਤਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਕੋਲ 32 ਲੱਖ ਰੁਪਏ ਦਾ 320 ਗ੍ਰਾਮ ਸੋਨਾ ਤੇ 40 ਹਜ਼ਾਰ ਰੁਪਏ ਦੀ ਕੀਮਤ ਦੀ ਇਕ ਕਿਲੋ ਚਾਂਦੀ ਸੀ, ਜਦਕਿ 15.31 ਲੱਖ ਰੁਪਏ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ ਮਿਊਚਲ ਫੰਡਾਂ ’ਚ ਜਮ੍ਹਾ ਹਨ। ਕੇਜਰੀਵਾਲ ਦੇ ਨਾਂ ’ਤੇ ਕੋਈ ਵਾਹਨ ਨਹੀਂ ਹੈ ਪਰ ਉਨ੍ਹਾਂ ਕੋਲ ਆਪਣੀ ਪਤਨੀ ਦੇ ਨਾਂ ’ਤੇ 6.20 ਲੱਖ ਰੁਪਏ ਦੀ ਮਾਰੂਤੀ ਬਲੇਨੋ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ਹੈ ਦਿੱਲੀ ਦਾ ਸ਼ਰਾਬ ਘੁਟਾਲਾ? ਜਿਸ ਨੇ ਸੀ. ਐੱਮ. ਕੇਜਰੀਵਾਲ ਸਮੇਤ ਵੱਡੇ ਮੰਤਰੀਆਂ ਨੂੰ ਭੇਜਿਆ ਜੇਲ
1 ਕਰੋੜ ਦੀ ਕੀਮਤ ਦਾ ਆਲੀਸ਼ਾਨ ਘਰ
ਹਰਿਆਣਾ ਦੇ ਗੁਰੂਗ੍ਰਾਮ ’ਚ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਨਾਂ ’ਤੇ ਇਕ ਆਲੀਸ਼ਾਨ ਘਰ ਹੈ, ਜਿਸ ਨੂੰ ਉਨ੍ਹਾਂ ਨੇ ਸਾਲ 2010 ’ਚ ਖ਼ਰੀਦਿਆ ਸੀ। ਸਾਲ 2020 ’ਚ ਉਸ ਘਰ ਦੀ ਕੀਮਤ ਲਗਭਗ 1 ਕਰੋੜ ਰੁਪਏ ਦੱਸੀ ਗਈ ਸੀ। ਜਦੋਂ ਇਹ ਘਰ ਖ਼ਰੀਦਿਆ ਗਿਆ ਤਾਂ ਇਸ ਦੀ ਕੀਮਤ 60 ਲੱਖ ਰੁਪਏ ਸੀ। myneta.info ਮੁਤਾਬਕ ਅਰਵਿੰਦ ਕੇਜਰੀਵਾਲ ਦੇ ਨਾਮ ’ਤੇ ਗਾਜ਼ੀਆਬਾਦ ਤੇ ਹਰਿਆਣਾ ’ਚ ਗੈਰ-ਖੇਤੀ ਜ਼ਮੀਨ ਹੈ, ਜਿਸ ਦੀ ਕੀਮਤ 2020 ਤੱਕ 1.77 ਕਰੋੜ ਰੁਪਏ ਹੈ।
ਕੇਜਰੀਵਾਲ ’ਤੇ ਕੋਈ ਕਰਜ਼ਾ ਨਹੀਂ ਹੈ
ਦਿੱਲੀ ਦੇ ਮੁੱਖ ਮੰਤਰੀ ਸਿਰ ਕਿਸੇ ਕਿਸਮ ਦਾ ਕੋਈ ਕਰਜ਼ਾ ਨਹੀਂ ਹੈ। ਉਨ੍ਹਾਂ ਨੇ ਕਿਸੇ ਬੈਂਕ ਜਾਂ ਫਾਈਨਾਂਸ ਕੰਪਨੀ ਤੋਂ ਕੋਈ ਨਿੱਜੀ ਕਰਜ਼ਾ ਨਹੀਂ ਲਿਆ ਹੈ। ਇਸ ਤੋਂ ਇਲਾਵਾ ਐੱਲ. ਆਈ. ਸੀ. ਤੇ ਕਿਸੇ ਹੋਰ ਸਰਕਾਰੀ ਯੋਜਨਾਵਾਂ ਜਿਵੇਂ ਕਿ ਐੱਨ. ਐੱਸ. ਸੀ., ਡਾਕ ਬੱਚਤ ਜਾਂ ਬੀਮਾ ’ਚ ਨਿਵੇਸ਼ ਨਹੀਂ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ PPF ਖ਼ਾਤੇ ’ਚ 13 ਲੱਖ ਰੁਪਏ ਜਮ੍ਹਾ ਹਨ।
ਕੇਜਰੀਵਾਲ ਦੀ ਸਿੱਖਿਆ ਯੋਗਤਾ
ਤੁਹਾਨੂੰ ਦੱਸ ਦੇਈਏ ਕਿ 51 ਸਾਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 1989 ’ਚ ਆਈ. ਆਈ. ਟੀ. ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ’ਚ ਬੀ. ਟੈੱਕ ਦੀ ਡਿਗਰੀ ਲਈ ਸੀ। ਉਨ੍ਹਾਂ ਦਾ ਹਲਕਾ ਚਾਂਦਨੀ ਚੌਕ ਹੈ। ਉਨ੍ਹਾਂ ਦੀ ਪਤਨੀ ਸੇਵਾਮੁਕਤ ਸਰਕਾਰੀ ਮੁਲਾਜ਼ਮ ਹੈ।
ਧਿਆਨਯੋਗ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ 2021-22 ’ਚ ਹੋਏ ਕਥਿਤ ਘੁਟਾਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈ. ਡੀ. ਨੇ ਹੁਣ ਤੱਕ ਸੀ. ਐੱਮ. ਕੇਜਰੀਵਾਲ ਨੂੰ 9 ਸੰਮਨ ਜਾਰੀ ਕੀਤੇ ਹਨ। ਈ. ਡੀ. ਨੇ ਪਿਛਲੇ ਸਾਲ 2 ਨਵੰਬਰ ਨੂੰ ਮੁੱਖ ਮੰਤਰੀ ਕੇਜਰੀਵਾਲ ਨੂੰ ਪਹਿਲਾ ਸੰਮਨ ਭੇਜਿਆ ਸੀ। ਇਹ ਸੰਮਨ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜਾਰੀ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਕਰੀਬ 100 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨਾਲ ਸਬੰਧਤ ਹੈ। ਇਸ ਮਾਮਲੇ ’ਚ ਹੁਣ ਤੱਕ ਮਨੀਸ਼ ਸਿਸੋਦੀਆ, ਸੰਜੇ ਸਿੰਘ ਤੇ ਕੇ. ਕਵਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਨ ਵੇਲੇ ਹਾਈਕੋਰਟ ਤੋਂ ਝਟਕਾ, ਰਾਤ ਨੂੰ ED ਨੇ ਚੁੱਕਿਆ, ਜਾਣੋ ਕਿੰਝ ਹੋਈ CM ਕੇਜਰੀਵਾਲ ਦੀ ਗ੍ਰਿਫ਼ਤਾਰੀ
NEXT STORY