ਨਵੀਂ ਦਿੱਲੀ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਰਿਸ਼ਵਤ ਲੈਣ ਦੇ ਦੋਸ਼ 'ਚ ਭਾਰਤੀ ਫੂਡ ਨਿਗਮ (ਐੱਫ.ਸੀ.ਆਈ.) ਦੇ 4 ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਸੀ.ਬੀ.ਆਈ. ਨੇ ਤਿੰਨ ਕਰੋੜ ਤੋਂ ਵੱਧ ਨਕਦ, ਗਹਿਣੇ ਅਤੇ ਨੋਟ ਗਿਣਨ ਵਾਲੀ ਇਕ ਮਸ਼ੀਨ ਬਰਾਮਦ ਕੀਤੀ ਹੈ। ਏਜੰਸੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਚਾਰੇ ਅਧਿਕਾਰੀਆਂ ਨੂੰ ਸ਼ਨੀਵਾਰ ਨੂੰ ਭੋਪਾਲ 'ਚ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 2 ਜੂਨ ਤੱਕ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਗਿਆ। ਦੋਸ਼ੀਆਂ 'ਚ ਮੰਡਲ ਪ੍ਰਬੰਧਕ ਹ ਰੀਸ਼ ਹਿਨੋਨੀਆ, ਪ੍ਰਬੰਧਕ ਅਰੁਣ ਸ਼੍ਰੀਵਾਸਤਵ ਅਤੇ ਮੋਹਤ ਪਰਾਤੇ ਅਤੇ ਪ੍ਰਬੰਧਕ ਅਤੇ ਸਹਾਇਕ ਕਿਸ਼ੋਰ ਮੀਣਾ ਸ਼ਾਮਲ ਹਨ।
ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਕੰਪਨੀ ਦੇ ਪੈਂਡਿੰਗ ਬਿੱਲਾਂ ਦੇ ਭੁਗਤਾਨ ਦੇ ਏਵਜ਼ 'ਚ ਡੇਢ ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਦੋਸ਼ੀਆਂ ਨੇ ਜਨਵਰੀ, ਫਰਵਰੀ ਅਤੇ ਮਾਰਚ ਦੇ ਬਿੱਲਾਂ ਦਾ ਭੁਗਤਾਨ ਕਰਨ ਦੇ ਏਵਜ 'ਚ ਹਰ ਮਹੀਨੇ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਭਵਿੱਖ 'ਚ ਭੁਗਤਾਨ ਲਈ ਪ੍ਰਤੀ ਬਿੱਲ 70 ਹਜ਼ਾਰ ਰੁਪਏ ਵਸੂਲਣ ਦੀ ਗੱਲ ਵੀ ਕਹੀ ਸੀ। ਸ਼ਿਕਾਇਤ 'ਤੇ ਵੈਰੀਫਿਕੇਸ਼ਨ ਕਰਵਾਉਣ ਤੋਂ ਬਾਅਦ ਸੀ.ਬੀ.ਆਈ. ਨੇ ਉਸ ਸਥਾਨ 'ਤੇ ਛਾਪਾ ਮਾਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿੱਥੇ ਰਿਸ਼ਵਤ ਦੀ ਰਕਮ ਲਈ ਜਾਣੀ ਸੀ। ਸੀ.ਬੀ.ਆਈ. ਦੇ ਬੁਲਾਰੇ ਆਰ.ਸੀ. ਜੋਸ਼ੀ ਨੇ ਕਿਹਾ ਕਿ ਭੋਪਾਲ 'ਚ ਤਲਾਸ਼ੀ ਦੌਰਾਨ ਤਿੰਨ ਕਰੋੜ ਤੋਂ ਵੱਧ ਨਕਦ, ਇਕ ਕਿਲੋਗ੍ਰਾਮ ਸੋਨਾ ਅਤੇ ਚਾਂਦੀ ਦੇ ਗਹਿਣੇ ਅਤੇ ਨੋਟ ਗਿਣਨ ਵਾਲੀ ਇਕ ਮਸ਼ੀਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਲੱਕੜ ਦੀ ਅਲਮਾਰੀ 'ਚ ਲੁਕਾ ਕੇ ਰੱਖੀ ਗਈ ਸੀ। ਜੋਸ਼ੀ ਨੇ ਕਿਹਾ ਕਿ ਏਜੰਸੀ ਨੇ ਇਕ ਡਾਇਰੀ ਵੀ ਬਰਾਮਦ ਕੀਤੀ ਹੈ, ਜਿਸ 'ਚ ਰਿਸ਼ਵਤ ਦੇਣ ਵਾਲੇ ਲੋਕਾਂ ਦੀ ਜਾਣਕਾਰੀ ਦਰਜ ਹੈ।
ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ 'ਤੇ CM ਗਹਿਲੋਤ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY