ਨਵੀਂ ਦਿੱਲੀ/ਹਰਿਆਣਾ— ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪਿਛਲੇ 40 ਸਾਲਾਂ ਵਿਚ ਸਭ ਤੋਂ ਵਧ 8.28 ਲੱਖ ਕਿਊਸਿਕ ਪਾਣੀ ਯਮੁਨਾ 'ਚ ਛੱਡੇ ਜਾਣ ਤੋਂ ਬਾਅਦ ਦਿੱਲੀ ਅਤੇ ਹਰਿਆਣਾ 'ਚ ਨਦੀ ਤੱਟ ਦੇ ਆਲੇ-ਦੁਆਲੇ ਹੇਠਲੇ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਬੁੱਧਵਾਰ ਸਵੇਰੇ 10 ਵਜੇ ਯਮੁਨਾ ਨਦੀ 206.60 ਮੀਟਰ ਉੱਪਰ ਪਹੁੰਚ ਗਈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਇਕ ਮੀਟਰ ਵਧ ਹੈ। ਦਿੱਲੀ ਵਿਚ 6 ਸਾਲਾਂ ਬਾਅਦ ਯਮੁਨਾ ਫਿਰ ਤੋਂ ਉਫਾਨ 'ਤੇ ਹੈ। ਹੜ੍ਹ ਦੇ ਖਦਸ਼ੇ ਨੂੰ ਦੇਖਦਿਆਂ ਦਿੱਲੀ ਦੇ ਲੋਹੇ ਦੇ ਪੁਲ 'ਤੇ ਆਵਾਜਾਈ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਯਮੁਨਾ ਕੰਢੇ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਰਾਹਤ ਕੇਂਦਰਾਂ ਵਿਚ ਲਿਜਾਇਆ ਗਿਆ ਹੈ। ਇਸ ਦਰਮਿਆਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਏ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 381 ਪਹੁੰਚ ਗਈ ਹੈ, ਜਦਕਿ 25 ਹੋਰ ਲਾਪਤਾ ਹਨ।
ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਐਤਵਾਰ ਨੂੰ 8.28 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਦਿੱਲੀ ਵਿਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ। ਇਸ ਪਾਣੀ ਨੂੰ ਦਿੱਲੀ ਪਹੁੰਚਣ 'ਚ 72 ਘੰਟੇ ਦਾ ਸਮਾਂ ਲੱਗਣ ਦਾ ਅਨੁਮਾਨ ਜਤਾਇਆ ਗਿਆ ਸੀ। ਅੱਜ ਪਾਣੀ ਦਾ ਪੱਧਰ 207 ਮੀਟਰ ਤਕ ਪਹੁੰਚਣ ਦਾ ਖਦਸ਼ਾ ਹੈ। ਦਿੱਲੀ ਵਿਚ ਹੜ੍ਹ ਦੇ ਖਤਰੇ ਦਾ ਮੁਲਾਂਕਣ ਕਰਨ ਲਈ ਮੁੱਖ ਮਤੰਰੀ ਅਰਵਿੰਦ ਕੇਜਰੀਵਾਲ ਨੇ ਸੰਬੰਧਤ ਵਿਭਾਗਾਂ ਨਾਲ ਸੋਮਵਾਰ ਨੂੰ ਬੈਠਕ ਕਰ ਕੇ ਇਸ ਤੋਂ ਪੈਦਾ ਹੋਣ ਵਾਲੇ ਹਾਲਾਤ 'ਤੇ ਸਲਾਹ-ਮਸ਼ਵਰਾ ਕਰ ਕੇ ਨਜਿੱਠਣ ਦੇ ਨਿਰਦੇਸ਼ ਦਿੱਤੇ ਸਨ। ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਜਾਨੀ-ਮਾਲੀ ਦਾ ਨੁਕਸਾਨ ਨਾ ਹੋਵੇ, ਇਸ ਲਈ ਹਰ ਸੰਭਵ ਉਪਾਅ ਕੀਤੇ ਜਾਣ। ਪ੍ਰਸ਼ਾਸਨ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਉਣ ਅਤੇ ਉਨ੍ਹਾਂ ਦੇ ਰਹਿਣ ਲਈ ਤੰਬੂਆਂ ਦਾ ਪ੍ਰਬੰਧ ਕੀਤਾ ਹੈ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੱਢ ਕੇ ਉੱਥੇ ਪਹੁੰਚਾਇਆ ਗਿਆ ਹੈ। ਪ੍ਰਸ਼ਾਸਨ ਨੇ ਹੜ੍ਹ ਦੀ ਸਥਿਤੀ 'ਚ ਕਿਸੇ ਪ੍ਰਕਾਰ ਦੀ ਮਦਦ ਲਈ ਦੋ ਟੈਲੀਫੋਨ ਨੰਬਰ-01122421656 ਅਤੇ 01121210849 ਵੀ ਜਾਰੀ ਕੀਤੇ ਹਨ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2013 'ਚ 8.06 ਲੱਖ ਕਿਊਸਿਕ ਪਾਣੀ ਯਮੁਨਾ ਵਿਚ ਛੱਡਿਆ ਗਿਆ ਸੀ, ਜਿਸ ਕਾਰਨ ਪਾਣੀ ਦਾ ਪੱਧਰ 207.32 ਮੀਟਰ ਤਕ ਪਹੁੰਚ ਗਿਆ ਸੀ।
ਮੇਅਰ ਦੇ ਬੇਟੇ ਨੇ ਮੀਟਿੰਗ 'ਚ ਮਾਰੀ ਅੱਖ, ਵਾਰਡ ਕੌਂਸਲਰ ਨੂੰ ਨਿਤੀਸ਼ ਤੋਂ ਲਗਾਈ ਮਦਦ ਦੀ ਗੁਹਾਰ
NEXT STORY