ਜਲੰਧਰ (ਖੁਰਾਣਾ)-ਇਤਿਹਾਸਕ ਸ਼ਹਿਰ ਜਲੰਧਰ ਦਾ ਅੰਦਰੂਨੀ ਇਲਾਕਾ ਇਨ੍ਹੀਂ ਦਿਨੀਂ ਖ਼ਸਤਾਹਾਲ ਇਮਾਰਤਾਂ ਕਾਰਨ ਖ਼ਤਰੇ ਦੇ ਪ੍ਰਛਾਵੇ ਹੇਠ ਹੈ। ਬਸਤੀਆਤ, ਮਹਿੰਦਰੂ ਮੁਹੱਲਾ, ਕਿਲ੍ਹਾ ਮੁਹੱਲਾ, ਵਿਕਰਮਪੁਰਾ, ਚਹਾਰ ਬਾਗ, ਕਾਜ਼ੀ ਮੁਹੱਲਾ, ਮੋਦੀਆਂ ਮੁਹੱਲਾ, ਲਾਵਾਂ ਮੁਹੱਲਾ ਅਤੇ ਕੋਟ ਪਕਸ਼ੀਆਂ ਸਮੇਤ ਕਈ ਪੁਰਾਣੇ ਇਲਾਕਿਆਂ ਵਿਚ ਦਰਜਨਾਂ ਮਕਾਨ ਅਤੇ ਇਮਾਰਤਾਂ ਖ਼ਸਤਾਹਾਲ ਖੜ੍ਹੀਆਂ ਹਨ। ਮੀਂਹ ਸ਼ੁਰੂ ਹੁੰਦੇ ਹੀ ਇਨ੍ਹਾਂ ਇਮਾਰਤਾਂ ਦੇ ਡਿੱਗਣ ਦਾ ਖ਼ਤਰਾ ਹੋਰ ਵਧ ਗਿਆ ਹੈ, ਜਿਸ ਨਾਲ ਆਲੇ-ਦੁਆਲੇ ਰਹਿਣ ਵਾਲੇ ਲੋਕ ਦਹਿਸ਼ਤ ਵਿਚ ਹਨ।
ਇਹ ਵੀ ਪੜ੍ਹੋ: ਪੰਜਾਬ: ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਧੇਰੇ ਇਮਾਰਤਾਂ ਨਾਨਕਸ਼ਾਹੀ ਇੱਟਾਂ, ਮਿੱਟੀ ਅਤੇ ਲੱਕੜੀ ਦੀਆਂ ਬੱਲੀਆਂ ਨਾਲ ਬਣੀਆਂ ਹੋਈਆਂ ਹਨ। ਕਈ ਦਹਾਕੇ ਪੁਰਾਣੀਆਂ ਹੋਣ ਕਾਰਨ ਇਨ੍ਹਾਂ ਦੀਆਂ ਕੰਧਾਂ ਵਿਚ ਤਰੇੜਾਂ ਪੈ ਚੁੱਕੀਆਂ ਹਨ, ਛੱਜੇ ਟੁੱਟ ਰਹੇ ਹਨ ਅਤੇ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ। ਪਿਛਲੇ ਸਾਲਾਂ ਵਿਚ ਮੀਂਹ ਦੌਰਾਨ ਕਈ ਪੁਰਾਣੇ ਮਕਾਨ ਢਹਿ ਚੁੱਕੇ ਹਨ ਅਤੇ ਹਰ ਸਾਲ ਛੋਟੇ-ਵੱਡੇ ਹਾਦਸੇ ਹੁੰਦੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਖਸਤਾਹਾਲ ਇਮਾਰਤਾਂ ਨੇੜੇ ਰਹਿਣਾ ਜਾਨ ਜੋਖ਼ਮ ਵਿਚ ਪਾਉਣ ਵਰਗਾ ਹੈ।

ਨਿਵਾਸੀਆਂ ਦਾ ਦੋਸ਼ ਹੈ ਕਿ ਨਗਰ ਨਿਗਮ ਨੇ ਕਈ ਵਾਰ ਸਰਵੇ ਕਰਵਾਇਆ, ਨੋਟਿਸ ਵੀ ਜਾਰੀ ਕੀਤੇ ਪਰ ਖ਼ਤਰਨਾਕ ਇਮਾਰਤਾਂ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਨੋਟਿਸ ਜਾਰੀ ਕਰ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਜੇਕਰ ਸਮਾਂ ਰਹਿੰਦੇ ਕਾਰਵਾਈ ਨਾ ਹੋਈ ਤਾਂ ਕਿਸੇ ਵੀ ਦਿਨ ਵੱਡਾ ਹਾਦਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ
ਲੋਕਾਂ ਨੇ ਮੰਗ ਕੀਤੀ ਕਿ ਨਿਗਮ ਸਾਰੀਆਂ ਖ਼ਸਤਾ ਹਾਲਤ ਇਮਾਰਤਾਂ ਦਾ ਦੋਬਾਰਾ ਸਰਵੇ ਕਰਵਾ ਕੇ ਉਨ੍ਹਾਂ ਦੀ ਸੂਚੀ ਜਨਤਕ ਕਰੇ। ਜਿਹੜੀਆਂ ਇਮਾਰਤਾਂ ਦੀ ਮੁਰੰਮਤ ਸੰਭਵ ਹੈ, ਉਨ੍ਹਾਂ ਨੂੰ ਮਜ਼ਬੂਤ ਕਰਵਾਇਆ ਜਾਵੇ ਅਤੇ ਜੋ ਪੂਰੀ ਤਰ੍ਹਾਂ ਖ਼ਤਰਨਾਕ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਨਿਯਮ ਮੁਤਾਬਕ ਡੇਗਿਆ ਜਾਵੇ। ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ ਅਤੇ ਲੋੜ ਪੈਣ ’ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।
ਹਾਲ ਹੀ ਵਿਚ ਪੰਜਪੀਰ ਇਲਾਕੇ ਦੇ ਭਗਤ ਸਿੰਘ ਚੌਕ ਸਥਿਤ ਮਕਾਨ ਨੰਬਰ ਈ. ਈ.-13 ਦੇ ਮਾਲਕ ਮਨੋਜ ਸੂਰੀ ਪੁੱਤਰ ਮਨਮੋਹਨ ਸੂਰੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਚਿੱਠੀ ਦੇ ਕੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਨੂੰ ਇਸ ਖਸਤਾ ਹਾਲਤ ਇਮਾਰਤ ਨੂੰ ਡੇਗਣ ਦੇ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ਵਿਚ ਇਹ ਇਮਾਰਤ ਕਦੀ ਵੀ ਡਿੱਗ ਸਕਦੀ ਹੈ ਅਤੇ ਵੱਡਾ ਹਾਦਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਕਈਆਂ ਦੇ ਮਾਲਕ ਗਾਇਬ, ਅਦਾਲਤਾਂ ’ਚ ਫਸੇ ਮਾਮਲੇ
ਕਈ ਖ਼ਸਤਾ ਹਾਲਤ ਇਮਾਰਤਾਂ ਦੇ ਮਾਲਕ ਵਿਦੇਸ਼ ਵਿਚ ਰਹਿ ਰਹੇ ਹਨ ਜਾਂ ਸਾਲਾਂ ਪਹਿਲਾਂ ਸ਼ਹਿਰ ਛੱਡ ਚੁੱਕੇ ਹਨ। ਕਈ ਇਮਾਰਤਾਂ ਦੀ ਮਾਲਕੀ ਨੂੰ ਲੈ ਕੇ ਅਦਾਲਤਾਂ ਵਿਚ ਮਾਮਲਾ ਪੈਂਡਿੰਗ ਹੈ। ਇਸ ਕਾਰਨ ਨਾ ਤਾਂ ਇਨ੍ਹਾਂ ਦੀ ਮੁਰੰਮਤ ਹੋ ਰਹੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਡੇਗਿਆ ਜਾ ਰਿਹਾ ਹੈ। ਇਸ ਦਾ ਖਮਿਆਜ਼ਾ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਸ਼ਿਕਾਇਤ ਮਿਲਣ ’ਤੇ ਸਿਰਫ਼ ਨੋਟਿਸ ਜਾਰੀ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਮੰਨ ਣ ਲੈਂਦਾ ਹੈ। ਕਈ ਖ਼ਤਰਨਾਕ ਇਮਾਰਤਾਂ ਦਾ ਸਰਵੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਡੇਗਣ ਜਾਂ ਸੁਰੱਖਿਅਤ ਕਰਨ ਦੀ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਬਾਅਦ ਹੀ ਜਾਗੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ਵਿਚ ਖਸਤਾਹਾਲ ਇਮਾਰਤਾਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ: ਅਚਾਨਕ ਸਰਕਾਰੀ ਸਕੂਲ 'ਚ ਪੈ ਗਿਆ ਭੜਥੂ! ਇੱਧਰ-ਉੱਧਰ ਭੱਜੀਆਂ ਵਿਦਿਆਰਥਣਾਂ, ਹੈਰਾਨ ਕਰੇਗਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਨਗਰ ਨਿਗਮ ਨੂੰ ਇਕ ਹੋਰ ਵੱਡਾ ਝਟਕਾ! ਤੀਜਾ ਬੈਂਕ ਖ਼ਾਤਾ ਵੀ ਸੀਜ਼, 18 ਕਰੋੜ ਰੁਪਏ ਫਸੇ
NEXT STORY