ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸਾਲ 2021 'ਚ ਆਪਣਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' ਭੇਜਣ ਵਾਲਾ ਹੈ। ਇਸਰੋ ਨੇ ਦੇਸ਼ ਭਰ ਤੋਂ 4 ਲੋਕਾਂ ਦੀ ਚੋਣ ਕੀਤੀ ਹੈ, ਜੋ ਇਸ ਮਿਸ਼ਨ ਜ਼ਰੀਏ ਚੰਨ 'ਤੇ ਜਾਣਗੇ। ਇਹ ਪੁਲਾੜ ਯਾਤਰੀ ਇਸ ਮਹੀਨੇ ਵਿਸ਼ੇਸ਼ ਸਿਖਲਾਈ ਲਈ ਰੂਸ ਜਾਣਗੇ। ਇਸ ਦਰਮਿਆਨ ਖਬਰ ਆਈ ਹੈ ਕਿ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਹੁਣ ਪੁਲਾੜ 'ਚ ਵੀ ਘਰ ਵਰਗਾ ਖਾਣਾ ਖਾਣ ਨੂੰ ਮਿਲੇਗਾ। ਮਿਸ਼ਨ ਦੌਰਾਨ ਖਾਣੇ ਲਈ 22 ਤਰ੍ਹਾਂ ਦੀਆਂ ਚੀਜ਼ਾਂ ਦੀ ਸੂਚੀ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਪੂਰੇ ਭਾਰਤ ਤੋਂ ਪਕਵਾਨ ਸ਼ਾਮਲ ਹਨ। ਪੁਲਾੜ ਯਾਤਰੀ ਪੁਲਾੜ 'ਚ ਵੀ ਗਰਮਾ-ਗਰਮ ਖਾਣੇ ਦਾ ਆਨੰਦ ਮਾਣ ਸਕਣਗੇ।
ਖਾਣੇ 'ਚ ਹਲਕਾ ਖਾਣਾ, ਜ਼ਿਆਦਾ ਊਰਜਾ ਵਾਲਾ ਖਾਣਾ, ਡਰਾਈ ਫਰੂਟ ਅਤੇ ਫਲ ਵੀ ਸ਼ਾਮਲ ਹਨ। ਭਾਰਤੀ ਪੁਲਾੜ ਯਾਤਰੀ ਦਾ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਰਾਤ ਦੇ ਖਾਣੇ 'ਚ 22 ਭਾਰਤੀ ਵਿਅੰਜਨ ਅਤੇ ਫਲਾਂ ਦੇ ਰਸ ਨੂੰ ਸ਼ਾਮਲ ਕੀਤਾ ਗਿਆ ਹੈ। ਖਾਣੇ ਵਿਚ ਐਗ ਰੋਲ, ਵੈਜ਼ ਰੋਲ, ਇਡਲੀ, ਮੂੰਗ ਦੀ ਦਾਲ ਦਾ ਹਲਵਾ ਅਤੇ ਵੈਜ਼ ਪੁਲਾਓ ਆਦਿ ਸ਼ਾਮਲ ਕੀਤਾ ਜਾਵੇਗਾ। ਪੀਣ ਵਾਲੇ ਪਦਾਰਥਾਂ ਵਿਚ ਚਾਹ, ਕੌਫੀ ਅਤੇ ਫਰੂਟ ਜੂਸ ਦਿੱਤੇ ਜਾਣਗੇ। ਖਾਣੇ ਦੀਆਂ ਇਨ੍ਹਾਂ ਚੀਜ਼ਾਂ ਨੂੰ ਜਾਂਚ ਲਈ ਇਸਰੋ ਭੇਜ ਦਿੱਤਾ ਗਿਆ ਹੈ। ਇਸ ਪੂਰੇ ਮੈਨਿਊ ਦਾ ਪਰੀਖਣ 4 ਪੁਲਾੜ ਯਾਤਰੀਆਂ 'ਤੇ ਕੀਤਾ ਜਾਵੇਗਾ।
ਫੀਡਬੈਕ ਦੇ ਆਧਾਰ 'ਤੇ ਖਾਣੇ 'ਚ ਕੁਝ ਬਦਲਾਅ ਵੀ ਹੋ ਸਕਦੇ ਹਨ। ਰੱਖਿਆ ਖੁਰਾਕ ਖੋਜ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਡਾ. ਅਨਿਲ ਦੱਤ ਸੇਮਵਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਾਣੇ ਦੀਆਂ ਸਾਰੀਆਂ ਚੀਜ਼ਾਂ ਨੂੰ ਪੁਲਾੜ ਯਾਤਰੀ ਖਾ ਕੇ ਦੇਖਣਗੇ, ਕਿਉਂਕਿ ਇਨ੍ਹਾਂ ਦੀ ਚੋਣ ਇਸ 'ਤੇ ਵੀ ਨਿਰਭਰ ਕਰਦੀ ਹੈ ਕਿ ਇਹ ਉਨ੍ਹਾਂ ਨੂੰ ਚੰਗੇ ਲੱਗਦੇ ਹਨ ਜਾਂ ਨਹੀਂ। ਦੱਤ ਨੇ ਕਿਹਾ ਕਿ ਪੁਲਾੜ ਯਾਤਰੀਆਂ ਲਈ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦਾ ਖਾਣਾ ਬਣਾਇਆ ਜਾਵੇਗਾ। ਇਨ੍ਹਾਂ ਨੂੰ ਗਰਮ ਕਰ ਕੇ ਖਾ ਸਕਦੇ ਹਨ। ਅਸੀਂ ਖਾਣਾ ਗਰਮ ਕਰਨ ਲਈ ਇਕ ਯੰਤਰ ਵੀ ਦੇ ਰਹੇ ਹਾਂ, ਜਿਸ ਦੇ ਜ਼ਰੀਏ ਖਾਣਾ ਗਰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖਾਣਾ ਸਿਹਤਮੰਦ ਹੈ ਅਤੇ ਇਕ ਸਾਲ ਤਕ ਚਲ ਸਕਦਾ ਹੈ। ਅਸੀਂ ਮੀਟ ਅਤੇ ਬਰਿਆਨੀ ਦਿੱਤੀ ਹੈ। ਉਹ ਬਸ ਇਸ ਨੂੰ ਪੈਕੇਟ 'ਚੋਂ ਕੱਢ ਕੇ ਗਰਮ ਕਰ ਕੇ ਖਾ ਸਕਦੇ ਹਨ।
ਮਨਾਲੀ 'ਚ ਬਰਫ਼ਬਾਰੀ ਕਾਰਨ 1500 ਸੈਲਾਨੀ ਫਸੇ, 5 ਹਾਈਵੇਅ ਸਮੇਤ 75 ਸੜਕਾਂ ਬੰਦ
NEXT STORY