ਇੰਫਾਲ- ਕੇਂਦਰ ਸਰਕਾਰ ਸੁਰੱਖਿਆ ਫੋਰਸਾਂ ਦੀਆਂ 90 ਹੋਰ ਕੰਪਨੀਆਂ ਮਣੀਪੁਰ ਭੇਜ ਰਹੀ ਹੈ। ਇਹ ਕਦਮ ਹਾਲ ਹੀ ’ਚ ਵਧ ਰਹੀ ਹਿੰਸਾ ’ਤੇ ਕਾਬੂ ਪਾਉਣ ਲਈ ਚੁੱਕਿਆ ਜਾ ਰਿਹਾ ਹੈ। ਕੇਂਦਰ ਨੇ ਮਣੀਪੁਰ ਵਿਚ ਜਾਤੀ ਹਿੰਸਾ ਨੂੰ ਕਾਬੂ ਪਾਉਣ ਲਈ 10,800 ਵਾਧੂ ਫੌਜੀ ਭੇਜਣ ਦਾ ਫੈਸਲਾ ਕੀਤਾ ਹੈ। ਇਸ ਕਦਮ ਨਾਲ ਮਣੀਪੁਰ ਵਿਚ ਤਾਇਨਾਤ ਕੰਪਨੀਆਂ ਦੀ ਗਿਣਤੀ 288 ਹੋ ਜਾਵੇਗੀ।
ਦੂਜੇ ਪਾਸੇ, ਮਣੀਪੁਰ ਦੇ ਇਕ ਮੰਤਰੀ ਨੇ ਭੀੜ ਦੇ ਹਮਲੇ ਤੋਂ ਬਚਣ ਲਈ ਇੰਫਾਲ ਪੂਰਬੀ ਜ਼ਿਲੇ ਵਿਚ ਸਥਿਤ ਆਪਣੇ ਜੱਦੀ ਘਰ ਦੇ ਆਲੇ-ਦੁਆਲੇ ਕੰਡਿਆਲੀ ਤਾਰ ਅਤੇ ਲੋਹੇ ਦਾ ਜਾਲ ਤਿਆਰ ਕਰਵਾਇਆ ਹੈ। ਇਸ ਤੋਂ ਇਲਾਵਾ ਸੁਰੱਖਿਆ ਫੋਰਸਾਂ ਲਈ ਅਸਥਾਈ ਬੰਕਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਮਣੀਪੁਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਐੱਲ. ਸੁਸਿੰਦਰੋ ਮੇਇਤੀ ਦੇ ਖੁਰਈ ਸਥਿਤ ਜੱਦੀ ਘਰ ’ਤੇ 16 ਨਵੰਬਰ ਨੂੰ ਭੀੜ ਨੇ ਹਮਲਾ ਕਰ ਦਿੱਤਾ ਸੀ। ਮੰਤਰੀ ਨੇ ਕਿਹਾ ਕਿ ਪਿਛਲੇ ਸਾਲ 3 ਮਈ ਨੂੰ ਹੋਏ ਹਮਲੇ ਤੋਂ ਬਾਅਦ ਤੋਂ ਤੀਜੀ ਵਾਰ 16 ਨਵੰਬਰ ਨੂੰ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਹਮਲਾ ਕੀਤਾ ਗਿਆ।
ਦੂਜੇ ਪਾਸੇ, ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਦੱਸਿਆ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਜਾਇਦਾਦ ਲੁੱਟਣ ਵਾਲੇ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਕ ਮੰਤਰੀ ਦੇ ਮਰਹੂਮ ਪਿਤਾ ਦੀ ਫੋਟੋ ਨੂੰ ਉਸ ਦੇ ਘਰ ਵਿਚ ਸਾੜਨ, ਇਕ ਵਿਧਾਇਕ ਦੀ ਰਿਹਾਇਸ਼ ਨੂੰ ਲੁੱਟਣ ਅਤੇ ਇਕ ਕਾਰ ਦੇ ਸ਼ੋਅਰੂਮ ਵਿਚ ਗੋਲੀਬਾਰੀ ਵਰਗੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਕੀ ਅਜਿਹੀਆਂ ਕਾਰਵਾਈਆਂ ਕਿਸੇ ਅੰਦੋਲਨ ਦਾ ਹਿੱਸਾ ਹੋ ਸਕਦੀਆਂ ਹਨ।
ਫਿਰ ਵਿਗੜੀ ਆਬੋ-ਹਵਾ, AQI ਮੁੜ 'ਗੰਭੀਰ' ਸ਼੍ਰੇਣੀ 'ਚ ਪੁੱਜਾ
NEXT STORY