ਜੈਪੁਰ (ਭਾਸ਼ਾ)— ਗੁੱਜਰ ਸਮਾਜ ਦੇ ਰਿਜ਼ਰਵੇਸ਼ਨ ਅੰਦੋਲਨ ਦਰਮਿਆਨ ਅੰਦੋਲਨਕਾਰੀਆਂ ਨੇ ਐਤਵਾਰ ਨੂੰ ਰਾਜਸਥਾਨ ਦੇ ਧੌਲਪੁਰ ਜ਼ਿਲੇ ਵਿਚ ਆਗਰਾ-ਮੁਰੈਨਾ ਹਾਈਵੇਅ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਝੜਪ ਹੋਈ। ਹਿੰਸਕ ਹੋਏ ਅੰਦੋਲਨਕਾਰੀਆਂ ਨੇ ਪੁਲਸ ਦੇ 3 ਵਾਹਨਾਂ ਨੂੰ ਅੱਗ ਲਾ ਦਿੱਤੀ। ਇੱਥੇ ਦੱਸ ਦੇਈਏ ਕਿ ਰਾਜਸਥਾਨ 'ਚ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ 'ਚ ਦਾਖਲੇ ਲਈ ਗੁੱਜਰ, ਲੁਹਾਰ, ਬੰਜਾਰਾ ਅਤੇ ਗੜਰੀਆ ਸਮਾਜ ਦੇ ਲੋਕ 5 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਗੁੱਜਰ ਨੇਤਾ ਸ਼ੁੱਕਰਵਾਰ ਸ਼ਾਮ ਤੋਂ ਹੀ ਸਵਾਈਮਾਧੋਪੁਰ ਦੇ ਮਲਾਰਨਾ ਡੂੰਗਰ ਵਿਚ ਰੇਲ ਦੀਆਂ ਪਟੜੀਆਂ 'ਤੇ ਬੈਠੇ ਹਨ।

ਧੌਲਪੁਰ ਦੇ ਪੁਲਸ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਆਗਰਾ-ਮੁਰੈਨਾ ਹਾਈਵੇਅ ਨੂੰ ਬਲਾਕ ਕਰ ਦਿੱਤਾ। ਉਨ੍ਹਾਂ ਮੁਤਾਬਕ ਕੁਝ ਹੁੜਦੰਗੀਆਂ ਨੇ ਹਵਾ ਵਿਚ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਪੁਲਸ ਦੀ ਇਕ ਬੱਸ ਸਮੇਤ 3 ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਪੁਲਸ ਸੁਪਰਡੈਂਟ ਮੁਤਾਬਕ ਇਸ ਦੌਰਾਨ ਹੋਈ ਪੱਥਰਬਾਜ਼ੀ ਦੀ ਘਟਨਾ ਵਿਚ 4 ਜਵਾਨਾਂ ਨੂੰ ਸੱਟਾਂ ਲੱਗੀਆਂ। ਪੁਲਸ ਨੇ ਅੰਦੋਲਨਕਾਰੀਆਂ ਨੂੰ ਖਦੇੜਨ ਲਈ ਹਵਾ ਵਿਚ ਗੋਲੀਆਂ ਚਲਾਈਆਂ। ਲੱਗਭਗ ਇਕ ਘੰਟੇ ਤੋਂ ਬਾਅਦ ਹਾਈਵੇਅ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਅੰਦੋਲਨਕਾਰੀਆਂ ਅਤੇ ਸਰਕਾਰੀ ਵਫਦ ਵਿਚਾਲੇ ਸ਼ਨੀਵਾਰ ਨੂੰ ਹੋਈ ਗੱਲਬਾਤ ਬੇਨਤੀਜਾ ਰਹੀ। ਇਸ ਅੰਦੋਰਨ ਦਾ ਅਸਰ ਰੇਲ ਸੇਵਾਵਾਂ 'ਤੇ ਵੀ ਪਿਆ ਹੈ। ਉੱਤਰੀ-ਪੱਛਮੀ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਨੂੰ ਕਈ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ ਜਾਂ ਉਨ੍ਹਾਂ ਦੇ ਰੂਟਾਂ 'ਚ ਬਦਲਾਅ ਕਰਨਾ ਪਿਆ। ਅੰਦੋਲਨ ਤਹਿਤ ਰੇਲ ਦੀਆਂ ਪਟੜੀਆਂ 'ਤੇ ਬੈਠੇ ਗੁੱਜਰ ਸੰਘਰਸ਼ ਕਮੇਟੀ ਦੇ ਕਨਵੀਨਰ ਕਰਨਲ ਕਿਰੋੜੀ ਸਿੰਘ ਬੈਂਸਲਾ ਨੇ ਫਿਰ ਦੋਹਰਾਇਆ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲ ਜਾਂਦਾ ਹੈ, ਉਹ ਲੋਕ ਪਟੜੀ 'ਤੇ ਹੀ ਡਟੇ ਰਹਿਣਗੇ।
PM ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋਈ ਨੀਲਾਮੀ, ਜਾਣੋ ਕਿੰਨੇ 'ਚ ਵਿਕੇ
NEXT STORY