ਗੁਰੂਗ੍ਰਾਮ- ਗੁਰੂਗ੍ਰਾਮ ਪੁਲਸ ਦੀ ਸਾਈਬਰ ਕ੍ਰਾਈਮ ਟੀਮ ਨੇ ਰੋਜ਼ਾਨਾ ਪੈਸੇ ਕਮਾਉਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ 'ਚ ਇਕ ਬੈਂਕ ਕਾਮੇ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 23 ਮਾਰਚ ਨੂੰ ਇਕ ਸ਼ਿਕਾਇਤ ਮਿਲੀ ਸੀ ਜਿਸ ਵਿਚ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ 11 ਮਈ ਨੂੰ ਇਸ਼ੀਕਾ ਰੈੱਡੀ ਨਾਂ ਦੀ ਕੁੜੀ ਨੇ ਟੈਲੀਗ੍ਰਾਮ ਐਪ 'ਤੇ ਉਸ ਨਾਲ ਸੰਪਰਕ ਕੀਤਾ ਅਤੇ ਆਪਣੇ ਆਪ ਨੂੰ ਟਰੈਵਲੋਕਾ ਐਡਵਰਟਾਈਜ਼ਿੰਗ ਏਜੰਸੀ ਦੀ ਕਰਮਚਾਰੀ ਦੱਸਿਆ, ਜੋ ਕਿ ਇੱਥੇ ਨਿਯੁਕਤ ਹੋਟਲਾਂ 'ਚ ਵੋਟਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ।
ਕੁੜੀ ਨੇ ਉਸ ਨੂੰ ਰੋਜ਼ਾਨਾ ਕਮਾਉਣ ਲਈ ਨੌਕਰੀ ਬਾਰੇ ਦੱਸਿਆ ਅਤੇ ਉਸ ਨੂੰ ਟੈਲੀਗ੍ਰਾਮ 'ਤੇ ਕੋਡ ਅਤੇ ਲਿੰਕ ਵੀ ਭੇਜਿਆ। ਲਿੰਕ 'ਤੇ ਕਲਿੱਕ ਕਰਕੇ ਪੈਸੇ ਜਮ੍ਹਾ ਕਰਨ ਲਈ ਕਿਹਾ। ਇਸ ਦੌਰਾਨ ਉਸ ਨੇ ਉਸ ਨੂੰ ਇਕ ਟੈਲੀਗ੍ਰਾਮ ਸਮੂਹ ਵਿਚ ਵੀ ਸ਼ਾਮਲ ਕੀਤਾ। ਜਦੋਂ ਕੁੜੀ ਨੇ ਉਸ ਨੂੰ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਉਸ ਨੇ ਪੈਸੇ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਜਦੋਂ ਉਸ ਨੂੰ ਹੋਰ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਕਈ ਵਾਰ ਪੈਸੇ ਜਮ੍ਹਾ ਕਰਵਾਏ ਪਰ ਜਦੋਂ ਉਸ ਨੇ ਪੈਸੇ ਕਢਵਾਉਣੇ ਚਾਹੇ ਤਾਂ ਉਹ ਕਢਵਾ ਨਹੀਂ ਸਕਿਆ।
ਹਾਲਾਂਕਿ ਉਸ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਸ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਸ਼ਿਕਾਇਤਕਰਤਾ ਨੇ ਮਾਮਲੇ ਦੀ ਪੁਲਸ ਨੂੰ ਰਿਪੋਰਟ ਦਿੱਤੀ। ਜਾਂਚ ਦੌਰਾਨ ਪੁਲਸ ਨੇ ਸ਼ੁੱਕਰਵਾਰ ਨੂੰ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ। ਇਨ੍ਹਾਂ ਦੀ ਪਛਾਣ ਜਿਤੇਂਦਰ ਪਟੇਲ, ਆਸ਼ੀਸ਼ ਜੈਨ ਅਤੇ ਉਤਸਵ ਚਤੁਰਵੇਦੀ ਵਜੋਂ ਹੋਈ ਹੈ। ਪੁਲਸ ਮੁਤਾਬਕ ਮੁਲਜ਼ਮ ਆਸ਼ੀਸ਼ ਜੈਨ ਆਪਣੇ ਦੂਜੇ ਸਾਥੀ ਜਿਤੇਂਦਰ ਪਟੇਲ ਨਾਲ ਮਿਲ ਕੇ ਦੁਕਾਨ ਚਲਾਉਂਦਾ ਹੈ। ਜੈਨ ਨੇ ਉਤਸਵ ਨਾਲ ਵੀ ਮੁਲਾਕਾਤ ਕੀਤੀ, ਜੋ ਉਸ ਸਮੇਂ ICICI ਬੈਂਕ ਵਿਚ ਸਹਾਇਕ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਆਸ਼ੀਸ਼ ਜੈਨ ਨੇ ਉਤਸਵ ਦੀ ਮਦਦ ਨਾਲ ਆਪਣੀ ਫਰਮ ਦੇ ਨਾਂ 'ਤੇ ਜਿਤੇਂਦਰ ਪਟੇਲ ਦਾ ਬੈਂਕ ਖਾਤਾ ਖੁੱਲ੍ਹਵਾਇਆ। ਇਸ ਤੋਂ ਬਾਅਦ ਜੈਨ ਅਤੇ ਉਤਸਵ ਨੇ ਉਹ ਬੈਂਕ ਖਾਤਾ ਕਿਸੇ ਹੋਰ ਵਿਅਕਤੀ ਨੂੰ 25,000 ਰੁਪਏ ਵਿਚ ਵੇਚ ਦਿੱਤਾ। ਪੁਲਸ ਨੇ ਦੱਸਿਆ ਕਿ ਉਪਰੋਕਤ ਮਾਮਲੇ ਵਿਚ ਧੋਖਾਧੜੀ ਕੀਤੀ ਗਈ ਰਕਮ ਦਾ ਕੁਝ ਹਿੱਸਾ ਜਿਤੇਂਦਰ ਪਟੇਲ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤਾ ਗਿਆ ਸੀ।
ਏ. ਸੀ. ਪੀ. ਪ੍ਰਿਯਾਂਸ਼ੂ ਦੀਵਾਨ ਨੇ ਦੱਸਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਉਤਸਵ ਚਤੁਰਵੇਦੀ ਉਸ ਸਮੇਂ ICICI ਬੈਂਕ, ਇੰਦੌਰ ਵਿਚ ਸਹਾਇਕ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ ਅਤੇ ਉਸ ਨੇ ਦਸੰਬਰ 2023 ਵਿਚ ICICI ਬੈਂਕ ਦੀ ਨੌਕਰੀ ਛੱਡ ਦਿੱਤੀ। ਦਸੰਬਰ 2023 ਤੋਂ ਜੂਨ 2024 ਤੱਕ ਉਸ ਨੇ ਇੰਦੌਰ ਦੇ ਇਕ ਹੋਰ ਬੈਂਕ 'ਚ ਕੰਮ ਕੀਤਾ ਪਰ ਜਲਦੀ ਹੀ ਇਸ ਨੂੰ ਵੀ ਛੱਡ ਦਿੱਤਾ। ਗ੍ਰਿਫਤਾਰੀ ਤੋਂ ਬਾਅਦ ਇਕ ਅਧਿਕਾਰੀ ਨੇ ਦੱਸਿਆ ਕਿ ਗੁਰੂਗ੍ਰਾਮ ਪੁਲਸ ਨੇ ਪਿਛਲੇ ਚਾਰ ਮਹੀਨਿਆਂ ਵਿਚ ਵੱਖ-ਵੱਖ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿਚ ਕੁੱਲ 17 ਬੈਂਕ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
Jio, Airtel ਤੇ VI ਦੇ 84 ਦਿਨਾਂ ਦੀ ਮਿਆਦ ਵਾਲੇ ਸਭ ਤੋਂ ਸਸਤੇ ਰੀਚਾਰਜ ਪਲਾਨ, ਦੇਖੋ ਪੂਰੀ ਲਿਸਟ
NEXT STORY