ਕਰਨਾਲ— ਹਰਿਆਣਾ ਦੇ ਕਰਨਾਲ ’ਚ ਸਥਿਤ ਇਕ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਨਿਕਲੇ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਦਰਅਸਲ ਸਕੂਲ ’ਚ 1 ਮਾਰਚ ਨੂੰ 3 ਵਿਦਿਆਰਥੀ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਏ ਸਨ। ਜਿਸ ਤੋਂ ਬਾਅਦ ਹੋਰ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ, ਜਿਸ ’ਚੋਂ 54 ਪਾਜ਼ੇਟਿਵ ਨਿਕਲੇ। ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਸਕੂਲ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ।
ਦਰਅਸਲ ਹਰਿਆਣਾ ਸਰਕਾਰ ਵਲੋਂ ਪਹਿਲੀ ਅਤੇ ਦੂਜੀ ਜਮਾਤ ਲਈ ਸਕੂਲਾਂ ਨੂੰ 1 ਮਾਰਚ 2021 ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਕੋਵਿਡ-19 ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਵੀ ਕੀਤਾ ਜਾਵੇ। ਹਾਲਾਂਕਿ ਸੂਬਾ ਸਰਕਾਰ ਵਲੋਂ ਇਹ ਵੀ ਆਦੇਸ਼ ਦਿੱਤਾ ਗਿਆ ਸੀ ਕਿ ਸਕੂਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਵੇਗਾ। ਜੇ ਕਿਸੇ ਭਾਗ ਵਿਚ ਕੋਈ ਵਿਦਿਆਰਥੀ ਕੋਵਿਡ-19 ਤੋਂ ਪਾਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਹ ਭਾਗ 10 ਦਿਨਾਂ ਲਈ ਬੰਦ ਰਹੇਗਾ ਅਤੇ ਪੂਰੇ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਜੇਕਰ ਇਕ ਤੋਂ ਵੱਧ ਭਾਗਾਂ ਵਿਚ ਵਿਦਿਆਰਥੀ ਕੋਵਿਡ-19 ਪਾਜ਼ੇਟਿਵ ਪਾਏ ਜਾਂਦੇ ਹਨ, ਤਾਂ ਪੂਰਾ ਸਕੂਲ 10 ਦਿਨਾਂ ਲਈ ਬੰਦ ਰਹੇਗਾ। ਦੱਸ ਦੇਈਏ ਕਿ ਸੂਬਾਈ ਸਰਕਾਰ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਸੰਬਰ ’ਚ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ ਅਤੇ ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ 24 ਫਰਵਰੀ ਨੂੰ ਮੁੜ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ।
ਦੱਸਣਯੋਗ ਹੈ ਕਿ ਦੇਸ਼ ਵਿਚ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਵਰਗੇ ਸੂਬਿਆਂ ਵਿਚ ਕੋਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਕੋਰੋਨਾ ਦੇ ਵਧਦੇ ਕੇਸਾਂ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਹਰਿਆਣਾ ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਸਖਤੀ ਵਰਤਣ ਨੂੰ ਕਿਹਾ ਹੈ।
ਹਿਮਾਚਲ ਵਿਧਾਨ ਸਭਾ 'ਚ ਕਾਂਗਰਸ ਦਾ ਬਾਇਕਾਟ, ਜੈਰਾਮ ਠਾਕੁਰ ਬੋਲੇ- ਰਾਜਪਾਲ ਨਾਲ ਧੱਕਾ-ਮੁੱਕੀ ਅਪਰਾਧ
NEXT STORY