ਚੰਡੀਗੜ੍ਹ- ਹਰਿਆਣਾ ਦੀਆਂ 9 ਨਗਰ ਨਿਗਮਾਂ ਸਮੇਤ 40 ਸੰਸਥਾਵਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਨਤੀਜੇ 12 ਮਾਰਚ ਨੂੰ ਆਉਣਗੇ। ਚੋਣ ਕਮਿਸ਼ਨ ਮੁਤਾਬਕ ਸ਼ਾਮ 6 ਵਜੇ ਤੱਕ ਸੂਬੇ 'ਚ 41.8 ਫੀਸਦੀ ਵੋਟਿੰਗ ਹੋਈ। ਵੋਟਿੰਗ ਦੌਰਾਨ ਕਰਨਾਲ ਦੇ ਵਾਰਡ ਨੰਬਰ 2 ਵਿੱਚ ਈਵੀਐਮ ਬਟਨ ਬੰਦ ਕਰਨ ਨੂੰ ਲੈ ਕੇ ਹੰਗਾਮਾ ਹੋਇਆ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ 10 ਮਿੰਟ ਲਈ ਵੋਟਿੰਗ ਰੋਕਣੀ ਪਈ।
ਦੂਜੇ ਪਾਸੇ ਝੱਜਰ ਦੇ ਬੇਰੀ ਦੇ ਵਾਰਡ ਨੰਬਰ 6 ਵਿੱਚ ਬਣਾਏ ਗਏ ਪੋਲਿੰਗ ਬੂਥ ਵਿੱਚ ਇੱਕ ਨੌਜਵਾਨ ਜਾਅਲੀ ਵੋਟ ਪਾਉਂਦਾ ਫੜਿਆ ਗਿਆ। ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਅਲੀ ਵੋਟਾਂ ਨੂੰ ਰੋਕਣ ਲਈ ਵਾਰਡ ਨੰਬਰ 6, 7 ਅਤੇ 8 ਵਿੱਚ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਰੋਹਤਕ 'ਚ ਬਲਿਆਣਾ ਪਿੰਡ ਦੇ ਪੋਲਿੰਗ ਬੂਥ 'ਚ ਦਾਖਲ ਹੋਣ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਦੋ ਸਮਰਥਕਾਂ ਵਿਚਾਲੇ ਝੜਪ ਹੋ ਗਈ। ਇੱਥੇ ਵਾਰਡ 11 ਤੋਂ ਕਾਂਗਰਸੀ ਉਮੀਦਵਾਰ ਪਰੀਕਸ਼ਿਤ ਦੇ ਭਰਾ ਪ੍ਰਸ਼ਾਂਤ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਭਾਜਪਾ ਉਮੀਦਵਾਰ ਰਾਜੇਸ਼ ਬਲੀਆਣਾ ਦੇ ਭਰਾ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ।
ਹਰਿਆਣਾ ਦੇ 7 ਨਗਰ ਨਿਗਮਾਂ ਦੇ ਨਾਲ-ਨਾਲ ਕੁਝ ਹੋਰ ਨਗਰ ਪਾਲਿਕਾਵਾਂ ਦੇ ਮੇਅਰਾਂ ਅਤੇ ਵਾਰਡ ਕੌਂਸਲਰਾਂ ਲਈ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਤ ਨਗਰ ਨਿਗਮਾਂ - ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ ਅਤੇ ਯਮੁਨਾਨਗਰ ਦੇ ਮੇਅਰ ਅਤੇ ਵਾਰਡ ਮੈਂਬਰਾਂ ਦੀ ਚੋਣ ਲਈ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਅੰਬਾਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰ ਦੇ ਅਹੁਦੇ ਲਈ ਵੀ ਜ਼ਿਮਨੀ ਚੋਣ ਹੋਈ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੀ। ਇਸੇ ਤਰ੍ਹਾਂ ਅੰਬਾਲਾ ਸਦਰ, ਪਟੌਦੀ ਜਟੋਲੀ ਮੰਡੀ, ਥਾਨੇਸਰ ਅਤੇ ਸਿਰਸਾ ਦੇ ਨਗਰ ਕੌਂਸਲ ਪ੍ਰਧਾਨ ਅਤੇ ਸਾਰੇ ਵਾਰਡ ਮੈਂਬਰਾਂ ਲਈ ਚੋਣਾਂ ਹੋਈਆਂ ਹਨ। ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨਾ ਨਗਰ ਪ੍ਰੀਸ਼ਦ ਦੇ ਪ੍ਰਧਾਨ ਦੇ ਅਹੁਦੇ ਲਈ ਵੀ ਜ਼ਿਮਨੀ ਚੋਣ ਹੋਈ ਹੈ। ਇਸ ਦੇ ਨਾਲ ਹੀ 21 ਨਗਰ ਪਾਲਿਕਾ ਕਮੇਟੀਆਂ ਦੇ ਪ੍ਰਧਾਨਾਂ ਅਤੇ ਸਾਰੇ ਵਾਰਡ ਮੈਂਬਰਾਂ ਦੀ ਚੋਣ ਲਈ ਵੀ ਵੋਟਿੰਗ ਹੋਈ ਹੈ। ਅਸੰਧ (ਕਰਨਾਲ ਜ਼ਿਲ੍ਹਾ) ਅਤੇ ਇਸਮਾਈਲਾਬਾਦ (ਕੁਰੂਕਸ਼ੇਤਰ ਜ਼ਿਲ੍ਹਾ) ਨਗਰ ਪਾਲਿਕਾ ਕਮੇਟੀਆਂ ਦੇ ਪ੍ਰਧਾਨ ਦੇ ਅਹੁਦੇ ਲਈ ਵੀ ਜ਼ਿਮਨੀ ਚੋਣਾਂ ਹੋਈਆਂ ਹਨ।
ਸਵੇਰੇ ਜਲਦੀ ਵੋਟ ਪਾਉਣ ਵਾਲਿਆਂ 'ਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਰਨਾਲ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਖੱਟੜ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ,"ਵੋਟ ਪਾਉਣਾ ਸਾਡਾ ਲੋਕਤੰਤਰੀ ਅਧਿਕਾਰ ਹੈ ਅਤੇ ਸਾਡਾ ਫਰਜ਼ ਵੀ।" ਹਰਿਆਣਾ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਸੁਰੱਖਿਆ ਸਮੇਤ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਿੰਘ ਨੇ ਕਿਹਾ ਕਿ 9 ਨਗਰ ਨਿਗਮਾਂ 'ਚ ਮੇਅਰ ਦੇ ਅਹੁਦੇ ਲਈ 39 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪੰਜ ਨਗਰ ਕੌਂਸਲਾਂ 'ਚ ਪ੍ਰਧਾਨ ਦੇ ਅਹੁਦੇ ਲਈ 27 ਉਮੀਦਵਾਰ ਮੈਦਾਨ 'ਚ ਹਨ ਅਤੇ 23 ਨਗਰ ਕਮੇਟੀਆਂ ਦੇ ਪ੍ਰਧਾਨ ਦੇ ਅਹੁਦੇ ਲਈ ਕੁੱਲ 151 ਉਮੀਦਵਾਰ ਚੋਣ ਲੜ ਰਹੇ ਹਨ। ਕੁਝ ਵਾਰਡਾਂ 'ਚ ਸਿਰਫ਼ ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ, ਜਿਸ ਕਾਰਨ ਉਹ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ਕੁਲੈਕਸ਼ਨ ’ਚ ਉਛਾਲ! ਫਰਵਰੀ ’ਚ ਵਧ ਕੇ 1.84 ਲੱਖ ਕਰੋੜ ਹੋਈ
NEXT STORY