ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਉੱਚ ਪੱਧਰੀ ਵਫ਼ਦ ਨੇ ਸੋਮਵਾਰ ਨੂੰ ਕੋਲਕਾਤਾ ਵਿੱਚ ਭਾਰਤ ਦੇ ਚੋਣ ਕਮਿਸ਼ਨ (ECI) ਦੀ ਪੂਰੀ ਬੈਂਚ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਭਾਜਪਾ ਨੇ ਮੰਗ ਕੀਤੀ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵੱਧ ਤੋਂ ਵੱਧ ਤਿੰਨ ਪੜਾਵਾਂ ਵਿੱਚ ਹੀ ਕਰਵਾਈਆਂ ਜਾਣ। ਪਾਰਟੀ ਨੇ ਰਾਜ ਵਿੱਚ ਪੂਰੀ ਤਰ੍ਹਾਂ ਹਿੰਸਾ ਮੁਕਤ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਨੂੰ ਇੱਕ 16 ਨੁਕਾਤੀ ਮੰਗ ਪੱਤਰ ਵੀ ਸੌਂਪਿਆ ਹੈ।
ਰਾਜ ਪੁਲਸ ਤੇ ਕੇਂਦਰੀ ਬਲਾਂ ਦੀ ਵਰਤੋਂ 'ਤੇ ਚੁੱਕੇ ਸਵਾਲ
ਭਾਜਪਾ ਆਗੂ ਜਗਨਨਾਥ ਚੱਟੋਪਾਧਿਆਏ ਨੇ ਰਾਜ ਪੁਲਿਸ ਦੀ ਭੂਮਿਕਾ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕੇਂਦਰੀ ਬਲਾਂ ਦੀਆਂ ਲਗਭਗ 400 ਕੰਪਨੀਆਂ ਤਾਇਨਾਤ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ। ਪਾਰਟੀ ਨੇ ਦੋਸ਼ ਲਾਇਆ ਕਿ ਰਾਜ ਪੁਲਸ ਜਾਣਬੁੱਝ ਕੇ ਕੇਂਦਰੀ ਬਲਾਂ ਦੇ ਰੂਟ ਮਾਰਚ ਅਜਿਹੇ ਸ਼ਾਂਤੀਪੂਰਨ ਇਲਾਕਿਆਂ ਅਤੇ ਮੁੱਖ ਸੜਕਾਂ 'ਤੇ ਕਰਵਾ ਰਹੀ ਹੈ ਜਿੱਥੇ ਆਬਾਦੀ ਬਹੁਤ ਘੱਟ ਹੈ, ਤਾਂ ਜੋ ਸੁਰੱਖਿਆ ਬਲਾਂ ਦਾ ਅਸਰ ਘੱਟ ਹੋਵੇ। ਭਾਜਪਾ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਦੇ ਹਨ।
ਸੰਵੇਦਨਸ਼ੀਲ ਬੂਥਾਂ ਲਈ ਨਵੇਂ ਮਾਪਦੰਡਾਂ ਦੀ ਮੰਗ
ਪਾਰਟੀ ਨੇ ਚੋਣ ਕਮਿਸ਼ਨ ਨੂੰ 'ਸੰਵੇਦਨਸ਼ੀਲ ਪੋਲਿੰਗ ਬੂਥਾਂ' ਦੀ ਪਛਾਣ ਕਰਨ ਦੇ ਮਾਪਦੰਡਾਂ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਅਪੀਲ ਕੀਤੀ ਹੈ। ਭਾਜਪਾ ਆਗੂ ਸ਼ਿਸ਼ਿਰ ਬਾਜੋਰੀਆ ਅਨੁਸਾਰ, ਜਿਨ੍ਹਾਂ ਬੂਥਾਂ 'ਤੇ ਪਿਛਲੀਆਂ ਚੋਣਾਂ ਦੌਰਾਨ 85 ਫੀਸਦੀ ਤੋਂ ਵੱਧ ਵੋਟਿੰਗ ਹੋਈ ਹੋਵੇ ਜਾਂ ਜਿੱਥੇ ਪਹਿਲਾਂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹੋਣ, ਉਨ੍ਹਾਂ ਨੂੰ ਆਪਣੇ ਆਪ 'ਸੰਵੇਦਨਸ਼ੀਲ' ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਉੱਥੇ ਵਾਧੂ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਇਸ ਮੁਲਾਕਾਤ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਐਸ.ਐਸ. ਸੰਧੂ ਅਤੇ ਵਿਵੇਕ ਜੋਸ਼ੀ ਮੌਜੂਦ ਸਨ, ਜੋ ਰਾਜ ਦੀਆਂ ਵੱਖ-ਵੱਖ ਮਾਨਤਾ ਪ੍ਰਾਪਤ ਪਾਰਟੀਆਂ ਦੇ ਸੁਝਾਅ ਸੁਣ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰਾਜ ਸਭਾ 'ਚ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਹੰਗਾਮਾ, ਵਾਕਆਊਟ 'ਤੇ ਜੇ.ਪੀ. ਨੱਡਾ ਨੇ ਵਿਰੋਧੀ ਧਿਰ ਨੂੰ ਦੱਸਿਆ 'ਗੈਰ-ਜ਼ਿੰਮੇਵਾਰ'
NEXT STORY