ਨਵੀਂ ਦਿੱਲੀ (ਕਮਲ ਕਾਂਸਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ’ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਅੱਜ ਅਹਿਮ ਸੁਣਵਾਈ ਹੋਈ। ਇਸ ਬਾਬਤ ਸੁਪਰੀਮ ਕੋਰਟ ’ਚ ਬਲਵੰਤ ਸਿੰਘ ਰਾਜੋਆਣਾ ਦੇ ਵਕੀਲ ਨੇ ਕਿਹਾ ਕਿ ਮੇਰਾ ਕਲਾਇੰਟ 26 ਸਾਲ ਤੋਂ ਜੇਲ੍ਹ ’ਚ ਬੰਦ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਦੌਰਾਨ ਕੇਂਦਰ ਸਰਕਾਰ ਫ਼ੈਸਲਾ ਲੈਣ ਲਈ ਆਜ਼ਾਦ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕੀਤਾ। ਕੇਂਦਰ ਸਰਕਾਰ ਵਲੋਂ ਕਿਹਾ ਗਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਫ਼ੈਸਲਾ ਨਹੀਂ ਲਿਆ ਜਾ ਸਕਿਆ ਹੈ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੁਪਰੀਮ ਕੋਰਟ ਹੁਣ 1 ਨਵੰਬਰ ਨੂੰ ਮਾਮਲੇ ’ਚ ਅੰਤਿਮ ਸੁਣਵਾਈ ਕਰੇਗਾ।
ਇਹ ਵੀ ਪੜ੍ਹੋ- ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਜਲਦ ਫ਼ੈਸਲਾ ਲੈਣ ਦੀ ਤਾਕੀਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਫ਼ੈਸਲਾ ਲੈਣ ’ਚ ਦੇਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਸੁਣਵਾਈ ਟਾਲ ਦਿੱਤੀ ਸੀ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਏ ਗਏ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ’ਚ ਤਬਦੀਲੀ ਦੀ ਅਰਜ਼ੀ 'ਤੇ ਛੇਤੀ ਫ਼ੈਸਲਾ ਲੈਣ ਲਈ ਕਿਹਾ ਹੈ। ਦਰਅਸਲ ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਰਾਜੋਆਣਾ ਨੇ ਸਜ਼ਾ ਨੂੰ ਉਮਰਕੈਦ ’ਚ ਤਬਦੀਲ ਕਰਨ ਦੀ ਅਰਜ਼ੀ ਦਾਖ਼ਲ ਕੀਤੀ ਹੋਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ 1995 ’ਚ ਕੀਤਾ ਗਿਆ ਸੀ। ਇਸ ਮਾਮਲੇ ’ਚ ਮੌਤ ਦੀ ਸਜ਼ਾ ਪ੍ਰਾਪਤ ਰਾਜੋਆਣਾ ਨੇ 26 ਸਾਲ ਜੇਲ੍ਹ ਕੱਟਣ ਦੇ ਆਧਾਰ ’ਤੇ ਆਪਣੀ ਸਜ਼ਾ ਨੂੰ ਉਮਰਕੈਦ ’ਚ ਬਦਲੇ ਜਾਣ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਪੰਥਕ ਜਥੇਬੰਦੀਆਂ ਤੋਂ ਬਾਅਦ ਬੰਦੀ ਸਿੰਘਾਂ ਦੀ ਫੁੱਟ ਵੀ ਹੋਈ ਜਗ-ਜ਼ਾਹਰ
ਕੌਣ ਹੈ ਬਲਵੰਤ ਸਿੰਘ ਰਾਜੋਆਣਾ?
ਲੁਧਿਆਣਾ ਜ਼ਿਲ੍ਹੇ ਰਾਜੋਆਣਾ ਪਿੰਡ ’ਚ ਜਨਮਿਆ ਬਲਵੰਤ 1987 ’ਚ ਪੰਜਾਬ ਪੁਲਸ ’ਚ ਬਤੌਰ ਕਾਂਸਟੇਬਲ ਸ਼ਾਮਲ ਹੋਇਆ ਸੀ। ਬੇਅੰਤ ਸਿੰਘ ’ਤੇ ਹਮਲੇ ’ਚ ਪੰਜਾਬ ਪੁਲਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ। ਇਸ ਨੂੰ ਤਿਆਰ ਕਰਨ ’ਚ ਬਲਵੰਤ ਦਾ ਹੱਥ ਸੀ। ਕਿਹਾ ਜਾਂਦਾ ਹੈ ਕਿ ਇਹ ਤੈਅ ਹੋਇਆ ਸੀ ਕਿ ਜੇਕਰ ਦਿਲਾਵਰ, ਬੇਅੰਤ ਸਿੰਘ ਦਾ ਕਤਲ ਕਰਨ ’ਚ ਅਸਫ਼ਲ ਹੁੰਦਾ ਹੈ ਤਾਂ ਉਸ ਦੇ ਬਾਅਦ ਇਹ ਜ਼ਿੰਮੇਵਾਰੀ ਬਲਵੰਤ ਚੁੱਕੇਗਾ। ਬੇਅੰਤ ਸਿੰਘ ਕਤਲਕਾਂਡ ’ਚ ਬਲਵੰਤ ਨੂੰ ਪੁਲਸ ਨੇ 1995 ’ਚ ਹੀ ਗ੍ਰਿਫ਼ਤਾਰ ਕੀਤਾ ਸੀ। ਸਾਲ 2007 ’ਚ ਸੀ. ਬੀ. ਆਈ. ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
31 ਜੁਲਾਈ 2007 ਨੂੰ ਅਦਾਲਤ ਨੇ ਇਸ ਕੇਸ ਵਿਚ ਆਪਣਾ ਫ਼ੈਸਲਾ ਸੁਣਾਇਆ। ਮਾਸਟਰਮਾਈਂਡ ਜਗਤਾਰਾ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਤਿੰਨ ਦੋਸ਼ੀਆਂ ਗੁਰਮੀਤ, ਲਖਵਿੰਦਰ ਅਤੇ ਸ਼ਮਸ਼ੇਰ ਨੂੰ ਉਮਰ ਕੈਦ ਹੋਈ ਹੈ। ਇਕ ਦੋਸ਼ੀ ਨਸੀਬ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਸ ਫ਼ੈਸਲੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਸੀ, ਜਿੱਥੇ ਜਗਤਾਰਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਕਰ ਦਿੱਤਾ ਗਿਆ ਸੀ ਪਰ ਬਲਵੰਤ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ
SYL ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਇਸ ਦਿਨ ਹੋਵੇਗੀ ਮੀਟਿੰਗ
NEXT STORY