ਮੁੰਬਈ- ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਇਸ ਸਮੇਂ ਮੋਹਲੇਧਾਰ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਸੜਕਾਂ-ਗਲੀਆਂ ਪਾਣੀ ਨਾਲ ਭਰ ਗਈਆਂ ਗਈਆਂ ਹਨ। ਮੁੰਬਈ 'ਚ ਮੋਹਲੇਧਾਰ ਮੀਂਹ ਕਾਰਨ ਆਮ ਜਨਜੀਵਨ ਠੱਪ ਹੋ ਗਿਆ। ਮੀਂਹ ਕਾਰਨ ਰੇਲ ਅਤੇ ਜਹਾਜ਼ ਸੇਵਾਵਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਸਕੂਲ-ਕਾਲਜਾਂ ਵਿਚ ਅੱਜ ਛੁੱਟੀ ਰਹੀ। ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਮੋਹਲੇਧਾਰ ਮੀਂਹ ਕਾਰਨ ਦੱਖਣੀ ਮੁੰਬਈ ਵਿਚ ਵਿਧਾਨ ਸਭਾ ਕੰਪਲੈਕਸ ਵਿਚ ਕਈ ਵਿਧਾਇਕਾਂ ਅਤੇ ਮੰਤਰੀਆਂ ਦੇ ਨਾ ਪਹੁੰਚ ਸਕਣ ਕਾਰਨ ਅੱਜ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।

ਨਾਰਵੇਕਰ ਨੇ ਕਿਹਾ ਕਿ ਮੁੰਬਈ 'ਚ 300 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਅਤੇ ਕਈ ਵਿਧਾਇਕ ਅਤੇ ਮੰਤਰੀ ਅੱਜ ਵਿਧਾਨ ਸਭਾ ਕੰਪਲੈਕਸ ਨਹੀਂ ਪਹੁੰਚੇ ਹਨ। ਉਨ੍ਹਾਂ ਨੇ ਹਾਊਸ ਦੀ ਮੀਟਿੰਗ ਲਈ ਵਿਧਾਇਕਾਂ ਦੀ ਲੋੜੀਂਦੀ ਗਿਣਤੀ ਦਾ ਹਵਾਲਾ ਦਿੰਦੇ ਹੋਏ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀ ਕਰ ਦਿੱਤੀ। ਬੀ. ਐਮ. ਸੀ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਮੌਸਮ ਵਿਭਾਗ ਨੇ ਮੁੰਬਈ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਗੁਆਂਢੀ ਸ਼ਹਿਰ ਠਾਣੇ ਦੇ ਵਿਚਕਾਰ ਮੁੱਖ ਰੇਲ ਮਾਰਗ ਦੀ 'ਫਾਸਟ' ਲਾਈਨ 'ਤੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਰੇਲ ਸੇਵਾਵਾਂ ਕੁਝ ਸਮੇਂ ਲਈ ਰੋਕ ਦਿੱਤੀਆਂ ਗਈਆਂ। ਕੁਝ ਪ੍ਰਮੁੱਖ ਸਟੇਸ਼ਨਾਂ ਅਤੇ ਰੇਲ ਗੱਡੀਆਂ 'ਤੇ ਯਾਤਰੀਆਂ ਦੀ ਭਾਰੀ ਭੀੜ ਰਹੀ। ਲੋਕਾਂ ਨੂੰ ਜ਼ਰੂਰੀ ਨਾ ਹੋਣ 'ਤੇ ਰੇਲ ਸੇਵਾਵਾਂ ਦੀ ਵਰਤੋਂ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਅਤੇ ਘੱਟ ਵਿਜ਼ੀਬਿਲਟੀ ਕਾਰਨ ਮੁੰਬਈ ਏਅਰਪੋਰਟ ਦੇ ਰਨਵੇਅ ਦਾ ਸੰਚਾਲਨ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ 2:22 ਤੋਂ 3:40 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਅਤੇ 27 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਲਾਈਟਾਂ ਨੂੰ ਅਹਿਮਦਾਬਾਦ, ਹੈਦਰਾਬਾਦ, ਇੰਦੌਰ ਆਦਿ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਫਿਲਹਾਲ ਆਉਣ ਵਾਲੀਆਂ ਉਡਾਣਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਬ੍ਰਿਹਨਮੁੰਬਈ ਇਲੈਕਟ੍ਰੀਸਿਟੀ ਸਪਲਾਈ ਐਂਡ ਟਰਾਂਸਪੋਰਟ (ਬੈਸਟ) ਅੰਡਰਟੇਕਿੰਗ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਅਤੇ ਉਪਨਗਰਾਂ ਦੇ ਘੱਟੋ-ਘੱਟ 40 ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਦੇ ਰੂਟ ਬਦਲ ਦਿੱਤੇ ਗਏ ਹਨ ਜਾਂ ਉਨ੍ਹਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ।

ਨਗਰ ਨਿਗਮ ਨੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਐਮਰਜੈਂਸੀ ਸਹਾਇਤਾ ਲਈ ਹੈਲਪਲਾਈਨ ਨੰਬਰ 'ਤੇ ਕਾਲ ਕਰਨ ਦੀ ਅਪੀਲ ਕੀਤੀ ਹੈ। ਨਗਰ ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਨਗਰ ਕਮਿਸ਼ਨਰ ਭੂਸ਼ਣ ਗਗਰਾਨੀ ਆਫ਼ਤ ਪ੍ਰਬੰਧਨ ਕੰਟਰੋਲ ਰੂਮ ਵਿਚ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੇ ਬੁਲਾਰੇ ਨੇ ਦੱਸਿਆ ਕਿ NDRF ਦੀਆਂ ਟੀਮਾਂ ਮੁੰਬਈ ਦੇ ਕੁਰਲਾ ਅਤੇ ਘਾਟਕੋਪਰ ਖੇਤਰਾਂ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ।

ਜੇਲ੍ਹ ਤੋਂ ਪਰਤੇ ਨੌਜਵਾਨ ਨੇ ਕੀਤਾ ਗੁਆਂਢਣ ਦਾ ਕਤਲ, ਫਿਰ ਖੁਦ ਵੀ ਚੁੱਕਿਆ ਖੌਫ਼ਨਾਕ ਕਦਮ
NEXT STORY