ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਨੇ ਆਪਣੀ ਸਲਾਨਾ ਰਿਪੋਰਟ 'ਚ ਕਿਹਾ ਹੈ ਕਿ ਪਿਛਲੇ 9 ਸਾਲਾਂ ਦੌਰਾਨ 10 ਰਾਜਾਂ 'ਚ ਨਕਸਲੀ ਹਿੰਸਾ 'ਚ 3700 ਤੋਂ ਵਧ ਲੋਕ ਮਾਰੇ ਗਏ ਹਨ, ਜਿਨ੍ਹਾਂ 'ਚ ਸਭ ਤੋਂ ਵਧ ਜਾਨਾਂ ਛੱਤੀਸਗੜ੍ਹ 'ਚ ਗਈਆਂ। ਮੰਤਰਾਲੇ ਨੇ ਸਾਲ 2018-19 ਦੀ ਆਪਣੀ ਰਿਪੋਰਟ 'ਚ ਕਿਹਾ ਕਿ ਭਾਕਪਾ (ਨਕਸਲੀ) ਦੇਸ਼ 'ਚ ਵੱਖ-ਵੱਖ ਖੱਬੇ ਪੱਖੀ ਕੱਟੜਵਾਦ ਸੰਗਠਨਾਂ 'ਚ ਸਭ ਤੋਂ ਤਾਕਤਵਰ ਸੰਗਠਨ ਹੈ ਅਤੇ ਉਹ 88 ਫੀਸਦੀ ਤੋਂ ਵਧ ਹਿੰਸਕ ਘਟਨਾਵਾਂ ਅਤੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਹਨ। ਰਿਪੋਰਟ 'ਚ ਕਿਹਾ ਗਿਆ ਹੈ,''ਵਧਦੇ ਨੁਕਸਾਨ ਦਰਮਿਆਨ ਭਾਕਪਾ (ਮਾਓਵਾਦੀ) ਅੰਤਰਰਾਜੀ ਸਰਹੱਦਾਂ 'ਤੇ ਨਵੇਂ ਖੇਤਰਾਂ 'ਚ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ 'ਚ ਜੁਟਿਆ ਹੈ ਪਰ ਉਸ ਨੂੰ ਕੋਈ ਵੱਡੀ ਸਫ਼ਲਤਾ ਹੱਥ ਨਹੀਂ ਲੱਗੀ ਹੈ।''
3,749 ਲੋਕਾਂ ਦੀ ਗਈ ਜਾਨ
ਰਿਪੋਰਟ ਅਨੁਸਾਰ ਸਾਲ 2010 ਤੋਂ 10 ਰਾਜਾਂ 'ਚ ਹਿੰਸਾ ਦੀਆਂ 10,660 ਘਟਨਾਵਾਂ 'ਚ 3,749 ਲੋਕਾਂ ਦੀ ਜਾਨ ਚੱਲੀ ਗਈ। ਖੱਬੇ ਪੱਖੀ ਕੱਟੜਵਾਦ ਕਾਰਨ ਸਭ ਤੋਂ ਵਧ ਜਾਨਾਂ ਛੱਤੀਸਗੜ੍ਹ 'ਚ ਗਈਆਂ, ਜਿੱਥੇ 2010 ਤੋਂ 2018 ਦਰਮਿਆਨ ਨਕਸਲੀਆਂ ਵਲੋਂ ਅੰਜਾਮ ਦਿੱਤੀਆਂ ਗਈਆਂ 3769 ਹਿੰਸਕ ਘਟਨਾਵਾਂ 'ਚ 1370 ਲੋਕਾਂ ਦੀ ਮੌਤ ਹੋਈ। ਝਾਰਖੰਡ 'ਚ ਖੱਬੇ ਪੱਖੀ ਕੱਟੜਵਾਦ ਦੀਆਂ 3,358 ਹਿੰਸਕ ਘਟਨਾਵਾਂ 'ਚ 997 ਲੋਕ ਮਾਰੇ ਗਏ, ਜਦੋਂ ਕਿ ਬਿਹਾਰ 'ਚ ਉਸੇ ਦੌਰਾਨ 1526 ਅਜਿਹੀਆਂ ਹੀ ਹਿੰਸਕ ਵਾਰਦਾਤਾਂ 'ਚ 387 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਇਹ 10 ਰਾਜ ਹਨ ਨਕਸਲ ਪ੍ਰਭਾਵਿਤ
10 ਨਕਸਲ ਪ੍ਰਭਾਵਿਤ ਰਾਜ ਛੱਤੀਸਗੜ੍ਹ, ਝਾਰਖੰਡ, ਬਿਹਾਰ, ਓਡੀਸ਼ਾ, ਪੱਛਮੀ ਬੰਗਾਲ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਹਨ। ਸ਼ੁੱਕਰਵਾਰ ਨੂੰ ਉਪਲੱਬਧ ਕਰਵਾਈ ਗਈ ਇਸ ਰਿਪੋਰਟ 'ਚ ਕਿਹਾ ਗਿਆ ਹੈ,''ਸਰਕਾਰ ਵਲੋਂ ਰਾਸ਼ਟਰੀ ਨੀਤੀ ਅਤੇ ਕਾਰਜ ਯੋਜਨਾ ਦੇ ਦ੍ਰਿੜ ਅਮਲ ਨਾਲ ਦੇਸ਼ 'ਚ ਖੱਬੇ ਪੱਖੀ ਕੱਟੜਵਾਦ 'ਚ ਕਾਫੀ ਸੁਧਾਰ ਆਇਆ ਹੈ। ਪਿਛਲੇ 5 ਸਾਲਾਂ 'ਚ ਖੱਬੇ ਪੱਖੀ ਕੱਟੜਵਾਦ ਹਿੰਸਾ 'ਚ ਬਹੁਤ ਗਿਰਾਵਟ ਆਈ ਹੈ ਅਤੇ ਖੱਬੇ ਪੱਖੀ ਕੱਟੜਵਾਦ ਦਾ ਭੂਗੋਲਿਕ ਪ੍ਰਸਾਰ ਵੀ ਘੱਟਿਆ ਹੈ।'' ਖੱਬੇ ਪੱਖੀ ਕੱਟੜਵਾਦ ਹਿੰਸਾ 'ਚ ਗਿਰਾਵਟ ਦਾ ਦੌਰ 2018 'ਚ ਵੀ ਜਾਰੀ ਰਿਹਾ। ਹਿੰਸਕ ਘਟਨਾਵਾਂ 'ਚ 26.7 ਫੀਸਦੀ ਦੀ ਕਮੀ ਆਈ। ਜਿੱਥੇ 2013 'ਚ 1136 ਹਿੰਸਕ ਘਟਨਾਵਾਂ ਹੋਈਆਂ, ਉੱਥੇ ਹੀ 2018 'ਚ 833 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਉਸੇ ਤਰ੍ਹਾਂ 2013 'ਚ ਖੱਬੇ ਪੱਖੀ ਕੱਟਟਵਾੜ ਦੀਆਂ ਹਿੰਸਕ ਘਟਨਾਵਾਂ 'ਚ 397 ਲੋਕ ਮਾਰੇ ਗਏ, ਜਦੋਂ ਕਿ 2018 'ਚ ਇਹ ਗਿਣਤੀ 39.5 ਫੀਸਦੀ ਘੱਟ ਕੇ 240 ਹੋ ਗਈ।
75 ਸੁਰੱਖਿਆ ਕਰਮਚਾਰੀ ਹੋਏ ਸਹੀਦ
ਰਿਪੋਰਟ ਅਨੁਸਾਰ 2013 'ਚ ਖੱਬੇ ਪੱਖੀ ਕੱਟੜਵਾਦ ਹਿੰਸਾ 'ਚ 75 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ, ਜਦੋਂ ਕਿ 2018 'ਚ ਇਹ ਗਿਣਤੀ 10.7 ਫੀਸਦੀ ਘੱਟ ਕੇ 67 ਹੋ ਗਈ। ਸਾਲ 2013 'ਚ 136 ਖੱਬੇ ਪੱਖੀ ਕੱਟੜਵਾਦ ਮਾਰੇ ਗਏ, ਜਦੋਂ ਕਿ 2018 225 ਕੱਟੜਵਾਦੀਆਂ ਦਾ ਸਫ਼ਾਇਆ ਕੀਤਾ ਗਿਆ। ਇਸ 'ਚ 65.4 ਫੀਸਦੀ ਦਾ ਵਾਧਾ ਹੋਇਆ। ਰਿਪੋਰਟ 'ਚ ਕਿਹਾ ਗਿਆ ਹੈ,''ਨਾਲ ਹੀ ਭਾਰਤ ਸਰਕਾਰ ਦੇ ਵਿਕਾਸ ਕੰਮਾਂ ਕਾਰਨ ਹਿੰਸਾ ਦਾ ਮਾਰਗ ਛੱਡ ਕੇ ਮੁੱਖ ਧਾਰਾ 'ਚ ਸ਼ਾਮਲ ਹੋਣ ਵਾਲੇ ਕੱਟੜਪੰਥੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਨਜ਼ਰ ਆਇਆ।''
ਖੁਸ਼ਖ਼ਬਰੀ : ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਜਾਰੀ ਕਰੇਗਾ 'ਵਾਧੂ ਵੀਜ਼ੇ'
NEXT STORY