ਸੋਨਭੱਦਰ- ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ 'ਚ ਇਕ ਗੈਰ-ਕਾਨੂੰਨੀ ਹਸਪਤਾਲ 'ਚ ਜਣੇਪੇ ਦੌਰਾਨ ਇਕ ਆਸ਼ਾ ਵਰਕਰ ਦੀ ਹੋਈ ਮੌਤ ਦੇ ਮਾਮਲੇ 'ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਇਸ ਮਾਮਲੇ 'ਚ ਲੋੜੀਂਦੀ ਨਰਸ ਅਤੇ ਉਸ ਦੇ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੀ ਗਈ ਨਰਸ ਸਲਮਾ 'ਤੇ ਪੁਲਸ ਸੁਪਰਡੈਂਟ ਵੱਲੋਂ 10,000 ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ। ਉਸ ਦੇ ਨਾਲ ਹੀ ਉਸ ਦੇ ਸਹਾਇਕ ਜੌਰੁਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, 'ਗਲੋਬਲ ਹਸਪਤਾਲ ਐਂਡ ਸਰਜੀਕਲ ਸੈਂਟਰ' ਦਾ ਸੰਚਾਲਕ ਡਾ. ਨਸੀਮ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ, ਜਿਸ ਦੀ ਗ੍ਰਿਫ਼ਤਾਰੀ 'ਤੇ 25,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਘਟਨਾ ਕੋਨ ਖੇਤਰ ਦੀ ਹੈ, ਜਿੱਥੇ ਬਾਗੇਸੋਤੀ ਪਿੰਡ ਦੀ ਰਹਿਣ ਵਾਲੀ ਸੀਮਾ ਦੇਵੀ (36) ਨੂੰ ਜਣੇਪੇ ਲਈ ਸ਼ੁੱਕਰਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਰਜਰੀ ਤੋਂ ਬਾਅਦ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ, ਪਰ ਸ਼ਨੀਵਾਰ ਨੂੰ ਸੀਮਾ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਅਤੇ ਸਿਹਤ ਵਿਭਾਗ ਦੇ ਨੋਡਲ ਅਫਸਰ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸੀਮਾ ਦੇਵੀ ਨੂੰ ਪਹਿਲਾਂ ਸਰਕਾਰੀ ਸਿਹਤ ਕੇਂਦਰ (PHC) ਲਿਜਾਇਆ ਗਿਆ ਸੀ, ਜਿੱਥੋਂ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ (CHC) ਰੈਫਰ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ 108 ਐਮਰਜੈਂਸੀ ਸੇਵਾ ਦੀ ਐਂਬੂਲੈਂਸ ਦੇ ਕਰਮਚਾਰੀਆਂ ਨੇ ਮਰੀਜ਼ ਨੂੰ ਸਰਕਾਰੀ ਕੇਂਦਰ ਲਿਜਾਣ ਦੀ ਬਜਾਏ ਮਿਲੀਭਗਤ ਕਰਕੇ ਇਸ ਗੈਰ-ਕਾਨੂੰਨੀ ਨਿੱਜੀ ਹਸਪਤਾਲ ਵਿੱਚ ਪਹੁੰਚਾ ਦਿੱਤਾ।
ਜ਼ਿਲ੍ਹਾ ਮੈਜਿਸਟਰੇਟ ਚਰਚਿਤ ਗੌੜ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ, ਸਮਾਜਵਾਦੀ ਪਾਰਟੀ ਦੇ ਆਗੂ ਅਵਿਨਾਸ਼ ਕੁਸ਼ਵਾਹਾ ਨੇ ਸਿਹਤ ਵਿਭਾਗ 'ਤੇ ਨਿਸ਼ਾਨਾ ਵਿੰਨ੍ਹਦੇ ਦੋਸ਼ ਲਾਇਆ ਕਿ ਜ਼ਿਲ੍ਹੇ ਦੇ ਕਈ ਨਿੱਜੀ ਹਸਪਤਾਲ "ਮੌਤ ਦੇ ਕੇਂਦਰ" ਬਣ ਚੁੱਕੇ ਹਨ ਅਤੇ ਵਿਭਾਗ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ। ਉਸ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਵੱਡਾ ਝਟਕਾ ! 15 ਦਿਨ ਬੰਦ ਰਹੇਗਾ ਏਅਰਪੋਰਟ
NEXT STORY