ਨਵੀਂ ਦਿੱਲੀ- ਨਾਗਪੁਰ ਸ਼ਹਿਰ ਨੇੜੇ ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਨਾਗਪੁਰ ਤੋਂ ਕਰੀਬ 25 ਕਿਲੋਮੀਟਰ ਦੂਰ ਹਿੰਗਨਾ ਥਾਣਾ ਖੇਤਰ ਦੇ ਧਮਨਾ ਪਿੰਡ 'ਚ ਚਾਮੁੰਡੀ ਐਕਸਪਲੋਸਿਵਜ਼ ਪ੍ਰਾਈਵੇਟ ਲਿਮਟਿਡ 'ਚ ਵਾਪਰਿਆ।
ਨਾਗਪੁਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਮਾਨਾ 'ਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਹੋਏ ਧਮਾਕੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਜ਼ਖਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਦੁਪਹਿਰ 1 ਵਜੇ ਦੇ ਕਰੀਬ ਉਸ ਸਮੇਂ ਹੋਇਆ ਜਦੋਂ ਕਰਮਚਾਰੀ ਵਿਸਫੋਟਕਾਂ ਨੂੰ ਪੈਕ ਕਰ ਰਹੇ ਸਨ। ਪੁਲੀਸ ਟੀਮ ਮੌਕੇ ’ਤੇ ਪੁੱਜੀ ਹੋਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਐੱਨਸੀਪੀ (ਸਪਾ) ਨੇਤਾ ਅਨਿਲ ਦੇਸ਼ਮੁਖ ਨੇ ਦੱਸਿਆ ਕਿ ਧਮਾਕੇ ਦੀ ਇਹ ਘਟਨਾ ਧਮਾਨਾ ਪਿੰਡ ਨੇੜੇ ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਵਾਪਰੀ। ਫੈਕਟਰੀ ਦਾ ਮੈਨੇਜਰ ਅਤੇ ਮਾਲਕ ਫਰਾਰ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਵਿਸਫੋਟਕ ਵਿਭਾਗ ਦੀ ਟੀਮ ਮੌਕੇ 'ਤੇ ਤਾਇਨਾਤ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਨਿਲ ਦੇਸ਼ਮੁੱਖ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਵਿਸਫੋਟਕ ਫੈਕਟਰੀ ਚੱਲ ਰਹੀ ਸੀ, ਪਰ ਉਸ ਕੋਲ ਆਪਣੀ ਐਂਬੂਲੈਂਸ ਨਹੀਂ ਸੀ। ਹੁਣ ਸੰਬੰਧਤ ਵਿਭਾਗ ਦੀ ਟੀਮ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਉਂ ਵਾਪਰਿਆ?
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ 'ਸਾਇਆ', ਮੁਕਾਬਲੇ 'ਚ ਪੁਲਸ ਮੁਲਾਜ਼ਮ ਜ਼ਖ਼ਮੀ, 3 ਦਿਨਾਂ 'ਚ ਚੌਥਾ ਅੱਤਵਾਦੀ ਹਮਲਾ
NEXT STORY