ਨੈਸ਼ਨਲ ਡੈਸਕ (ਵੰਦਨਾ ਡਾਲੀਆ)- ਭਾਰਤ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਇੰਨਾ ਖ਼ਤਰਨਾਕ ਹੈ ਕਿ ਇਸ ਦੇ ਕਾਰਨ ਹਰ ਸਾਲ 5 ਸਾਲ ਤੋਂ ਘੱਟ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋ ਰਹੀ ਹੈ। ਇਸਦਾ ਮਤਲਬ ਹੈ ਕਿ ਹਵਾ ਪ੍ਰਦੂਸ਼ਣ ਦੇ ਕਾਰਨ ਬੱਚਿਆਂ ਦਾ ਸੰਘਰਸ਼ ਗਰਭ ਵਿਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਕੁਝ ਬੱਚੇ ਪੈਦਾ ਹੁੰਦੇ ਹੀ ਦਮ ਤੋੜ ਦਿੰਦੇ ਹਨ ਜਦਕਿ ਕੁਝ 5 ਸਾਲ ਦੀ ਉਮਰ ਦੇ ਅੰਦਰ ਹੀ ਹਵਾ ਪ੍ਰਦੂਸ਼ਣ ਕਾਰਨ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।
ਜੇਕਰ ਇਨ੍ਹਾਂ ਅੰਕੜਿਆਂ ਨੂੰ 365 ਦਿਨਾਂ ਨਾਲ ਵੰਡਿਆ ਜਾਵੇ ਤਾਂ ਭਾਰਤ ’ਚ ਹੀ ਰੋਜ਼ਾਨਾ 5 ਸਾਲ ਤੋਂ ਘੱਟ ਉਮਰ ਦੇ 464 ਬੱਚਿਆਂ ਦੀ ਮੌਤ ਹੋ ਰਹੀ ਹੈ। ਸਟੇਟ ਆਫ਼ ਗਲੋਬਲ ਏਅਰ ਵੱਲੋਂ 2024 ’ਚ ਜਾਰੀ ਹੋਈ ਰਿਪੋਰਟ ਅਨੁਸਾਰ 2021 ਵਿਚ ਹਵਾ ਪ੍ਰਦੂਸ਼ਣ ਦੇ ਕਾਰਨ ਦੁਨੀਆ ਭਰ ’ਚ 5 ਸਾਲ ਤੋਂ ਘੱਟ ਉਮਰ ਦੇ 7 ਲੱਖ 9 ਹਜ਼ਾਰ ਬੱਚਿਆਂ ਦੀ ਮੌਤ ਹੋਈ।
ਹਵਾ ਪ੍ਰਦੂਸ਼ਣ ਦੇ ਕਾਰਨ ਦੁਨੀਆ ਭਰ ਵਿਚ ਕੁੱਲ 81 ਲੱਖ ਵਿਅਕਤੀ ਮਾਰੇ ਗਏ ਜਿਨ੍ਹਾਂ ’ਚੋਂ 21 ਲੱਖ ਮੌਤਾਂ ਭਾਰਤ ਵਿਚ ਹੋਈਆਂ। ਇਸ ਤੋਂ ਪਹਿਲਾਂ 2019 ਵਿਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਭਾਰਤ ਵਿਚ 1.16 ਲੱਖ ਨਵਜੰਮੇ ਬੱਚਿਆਂ ਦੀ ਹਵਾ ਪ੍ਰਦੂਸ਼ਣ ਨਾਲ ਮੌਤ ਹੋਈ ਜੋ ਇਕ ਮਹੀਨੇ ਤੋਂ ਘੱਟ ਉਮਰ ਦੇ ਸਨ।
ਬੱਚਿਆਂ ਦੀ ਮੌਤ ਦਾ ਕਾਰਨ
ਹਵਾ ਪ੍ਰਦੂਸ਼ਣ ਦੇ ਕਾਰਨ ਬੱਚਿਆਂ ਨੂੰ ਆ ਰਿਹਾ ਸਟ੍ਰੋਕ, ਹਾਰਟ ਅਟੈਕ, ਡਾਇਬਿਟੀਜ਼, ਫੇਫੜਿਆਂ ਦਾ ਕੈਂਸਰ ਨਵਜੰਮੇ ਬੱਚਿਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਏਸ਼ੀਆਈ ਦੇਸ਼ਾਂ ’ਚ ਘਰੇਲੂ ਪੱਧਰ ਉਤੇ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ (ਲੱਕੜੀ, ਕੋਲਾ, ਗੋਹਾ ਸਾੜਨ ਦੇ ਕਾਰਨ) ਕਾਰਨ 72 ਫੀਸਦੀ ਬੱਚਿਆਂ ਦੀ ਮੌਤ ਹੋਈ ਜਦਕਿ 28 ਫੀਸਦੀ ਬੱਚੇ ਹਵਾ ’ਚ ਪਰਟੀਕਲ ਮਟੀਰੀਅਲ 2.5 ਨਾਲ ਜੁੜੇ ਪ੍ਰਦੂਸ਼ਣ ਸਬੰਧੀ ਬਿਮਾਰੀਆਂ ਦਾ ਸ਼ਿਕਾਰ ਹੋਏ।
ਦੁਚਿੱਤੀ ’ਚ ਵਾਤਾਵਰਣ ਮੰਤਰਾਲਾ : ਹਵਾ ਸਾਫ਼ ਕਰਨ ਲਈ ਖਰਚ ਕੀਤੇ 12636 ਕਰੋੜ ਰੁਪਏ ਅਤੇ ਕੋਲ ਪਾਵਰ ਪਲਾਂਟ ਨੂੰ ਰਾਹਤ ਵੀ ਦੇ ਦਿੱਤੀ।
ਕੇਂਦਰ ਸਰਕਾਰ ਦਾ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਸਾਲ 2019 ਤੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨ. ਸੀ. ਏ. ਪੀ.) ਚਲਾ ਰਿਹਾ ਹੈ ਅਤੇ ਇਸ ਦੇ ਤਹਿਤ ਹੁਣ ਤੱਕ 12636 ਕਰੋੜ ਰੁਪਏ ਖਰਚ ਵੀ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ ਅਤੇ ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 6 ਭਾਰਤ ਵਿਚ ਹਨ।
ਪਰ ਇਸੇ ਦੌਰਾਨ ਕੇਂਦਰ ਸਰਕਾਰ ਨੇ ਕੋਲ ਪਾਵਰ ਪਲਾਂਟਸ ਨੂੰ ਸਲਫਰ ਡਾਈਆਕਸਾਈਡ ਦੀ ਨਿਕਾਸੀ ਨੂੰ ਘਟਾਉਣ ਵਾਲੀ ਤਕਨਾਲੋਜੀ ਲਗਾਉਣ ਤੋਂ ਛੋਟ ਦੇ ਦਿੱਤੀ ਹੈ, ਇਸ ਲਈ ਮੰਤਰਾਲਾ ਹਵਾ ਸਾਫ਼ ਕਰਨ ਦੇ ਮਾਮਲੇ ਵਿਚ ਖੁਦ ਦੁਚਿੱਤੀ ’ਚ ਨਜ਼ਰ ਆ ਰਿਹਾ ਹੈ। ਸਰਕਾਰ ਨੇ 2015 ਵਿਚ ਕੋਲ ਪਾਵਰ ਪਲਾਂਟਸ ਤੋਂ ਨਿਕਲਣ ਵਾਲੇ ਸਲਫਰ ਡਾਈਆਕਸਾਈਡ ਨੂੰ ਘਟਾਉਣ ਲਈ ਫਲੂ ਗੈਸ ਡੀ ਸਲਫਰਾਈਜ਼ੇਸ਼ਨ ਸਿਸਟਮ ਲਗਾਉਣਾ ਲਾਜ਼ਮੀ ਕੀਤਾ ਸੀ। ਇਹ ਸਿਸਟਮ ਸਲਫਰ ਡਾਈਆਕਸਾਈਡ ਨੂੰ ਘਟਾਉਂਦਾ ਹੈ। ਨਵੀਂ ਨੀਤੀ ਤਹਿਤ ਹੁਣ 537 ਕੋਲਾ ਪਾਵਰ ਪਲਾਂਟਸ ਨੂੰ ਇਹ ਯੂਨਿਟ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ। ਸਲਫਰ ਡਾਈਆਕਸਾਈਡ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ਅਤੇ ਇਸ ਨਾਲ ਸਾਹ ਨਾਲ ਸਬੰਧਤ ਬਿਮਾਰੀਆਂ ਫੈਲਦੀਆਂ ਅਤੇ ਤੇਜ਼ਾਬੀ ਮੀਂਹ ਵੀ ਪੈਂਦਾ ਹੈ।
ਨੰਨ੍ਹੇ-ਮੁੰਨੇ ਬੱਚਿਆਂ ਦੇ ਫੇਫੜਿਆਂ ’ਚ ਵਧ ਰਹੀ ਸੋਜ
ਭਾਰਤ ਦੇ ਉੱਤਰੀ ਸੂਬੇ ਜਿਵੇਂ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਵਿਚ ਹਵਾ ਪ੍ਰਦੂਸ਼ਣ ਸਪੱਸ਼ਟ ਤੌਰ ’ਤੇ 6 ਮਹੀਨਿਆਂ ਤੋਂ 2 ਸਾਲ ਤੱਕ ਦੇ ਬੱਚਿਆਂ ’ਚ ਦਮੇ ਦੇ ਵਧ ਰਹੇ ਮਾਮਲਿਆਂ ਅਤੇ ਛੋਟੇ ਬੱਚਿਆਂ ’ਚ ਬ੍ਰੋਂਕਿਓਲਾਈਟਿਸ ਦੀ ਗੰਭੀਰਤਾ ਦਾ ਮੁੱਖ ਕਾਰਨ ਹੈ।
ਬੱਚਿਆਂ ਦੇ ਫੇਫੜਿਆਂ ਦੀ ਸੋਜ ਵਧ ਰਹੀ ਹੈ। ਇਸਦਾ ਕਾਰਨ ਵਾਹਨਾਂ ਅਤੇ ਉਦਯੋਗਿਕ ਯੂਨਿਟਾਂ ਵਿਚੋਂ ਨਿਕਲਣ ਵਾਲੀ ਪ੍ਰਦੂਸ਼ਿਤ ਹਵਾ ਹੈ। ਇਸ ਦੇ ਇਲਾਵ ਸਰਦੀਆਂ ਅਤੇ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਮੌਸਮ ਦੌਰਾਨ ਸਥਿਤੀ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ। ਪੰਜਾਬ ਵਿਚ ਪਰਾਲੀ ਸਾੜਨ ਦੇ ਮੌਸਮ ਵਿਚ ਬੱਚਿਆਂ ’ਚ ਦਮੇ ਦੇ ਹਮਲਿਆਂ ਦੀ ਗਿਣਤੀ 3-4 ਗੁਣਾ ਵੱਧ ਜਾਂਦੀ ਹੈ। ਹਰਿਆਣਾ ’ਚ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ’ਚ ਬੱਚਿਆਂ ’ਚ ਦਮੇ ਦੇ ਮਾਮਲਿਆਂ ਵਿਚ ਸਾਲਾਨਾ 25 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੱਚਿਆਂ ’ਚ ਵਾਇਰਲ ਬ੍ਰੋਂਕਿਓਲਾਈਟਿਸ ਦੀ ਗੰਭੀਰਤਾ ਹਵਾ ਪ੍ਰਦੂਸ਼ਣ ਕਾਰਨ ਵਧ ਰਹੀ ਹੈ।
-ਡਾ. ਅਭਿਰਾਜ ਪਾਲ (ਐੱਮ. ਬੀ. ਬੀ. ਐੱਸ., ਡੀ. ਸੀ. ਐੱਚ., ਐੱਫ. ਐੱਨ. ਐੱਨ. ਐੱਫ.) ਨਿਊ ਬੋਰਨ ਐਂਡ ਚਾਈਲਡ ਸਪੈਸ਼ਲਿਸਟ
ਮਾਂ ਅਤੇ ਭਰੂਣ ਦੋਵਾਂ ’ਤੇ ਪ੍ਰਦੂਸ਼ਣ ਦਾ ਅਸਰ, ਘੱਟ ਭਾਰ ਨਾਲ ਪੈਦਾ ਹੋ ਰਹੇ ਬੱਚੇ
ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਅਤੇ ਭਾਰਤੀ ਤਕਨਾਲੋਜੀ ਸੰਸਥਾਨ, ਦਿੱਲੀ ਅਤੇ ਅੰਤਰਰਾਸ਼ਟਰੀ ਆਬਾਦੀ ਵਿਗਿਆਨ ਸੰਸਥਾਨ, ਮੁੰਬਈ ਦੇ ਡਾਟਾ ਅਨੁਸਾਰ, ਭਾਰਤ ’ਚ ਲਗਭਗ 13 ਫੀਸਦੀ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋ ਰਹੇ ਹਨ ਜਦਕਿ ਲਗਭਗ 17-18 ਫੀਸਦੀ ਨਵਜੰਮੇ ਬੱਚੇ ਘੱਟ ਭਾਰ ਨਾਲ ਪੈਦਾ ਹੁੰਦੇ ਹਨ।
ਪ੍ਰਦੂਸ਼ਣ ਦਾ ਅਸਰ ਮਾਂ ਅਤੇ ਭਰੂਣ ਦੋਵਾਂ ’ਤੇ ਹੁੰਦਾ ਹੈ ਅਤੇ ਦਿੱਲੀ ਵਿਚ ਰਹਿਣ ਵਾਲੀ ਇਕ ਗਰਭਵਤੀ ਔਰਤ ਖਰਾਬ ਹਵਾ ’ਚ ਸਾਹ ਲੈਣ ਕਾਰਨ ਇਕ ਦਿਨ ਵਿਚ 25 ਤੋਂ 30 ਸਿਗਰਟਾਂ ਪੀਣ ਜਿੰਨਾ ਜ਼ਹਿਰੀਲਾ ਧੂੰਆਂ ਸਾਹ ਰਾਹੀਂ ਆਪਣੇ ਫੇਫੜਿਆਂ ਵਿਚ ਭਰ ਲੈਂਦੀ ਹੈ ਅਤੇ ਇਸ ਨਾਲ ਬੱਚੇ ਦੇ ਭਾਰ ’ਤੇ ਵੀ ਇਸਦਾ ਅਸਰ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਦਾ ਸਿੱਧਾ ਅਸਰ ਨਵਜੰਮੇ ਬੱਚੇ ਦੇ ਭਾਰ ’ਤੇ ਪੈਂਦਾ ਹੈ ਕਿਉਂਕਿ ਬੱਚਾ ਆਪਣੀ ਮਾਂ ਦੀ ਕੁੱਖ ਤੋਂ ਇਸ ਦੇ ਸੰਪਰਕ ਵਿਚ ਆ ਰਿਹਾ ਹੈ ਜਿਸ ਕਾਰਨ ਉਸਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਨਹੀਂ ਹੁੰਦੀ। ਇਸ ਦੇ ਨਾਲ ਉਹ ਫੇਫੜਿਆਂ ਦੀਆਂ ਸਮੱਸਿਆਵਾਂ, ਪੀਲੀਆ, ਨਿਮੂਨੀਆ ਵਰਗੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।
ਦਿੱਲੀ ’ਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ
ਦਿੱਲੀ ’ਚ ਹਵਾ ਪ੍ਰਦੂਸ਼ਣ ਇੰਨਾ ਵਧ ਚੁੱਕਾ ਹੈ ਕਿ ਰਾਜਧਾਨੀ ਦੇ ਲੋਕ ਇਕ ਸਾਲ ਵਿਚ ਆਪਣਾ 61 ਫੀਸਦੀ ਸਮਾਂ ਖਰਾਬ ਹਵਾ ਵਿਚ ਸਾਹ ਲੈਂਦੇ ਹਨ ਅਤੇ ਖਰਾਬ ਹਵਾ ਕਾਰਨ ਦਿੱਲੀ ਵਿਚ ਲੋਕਾਂ ਦੀ ਉਮਰ 5 ਤੋਂ 6 ਸਾਲ ਘੱਟ ਹੋ ਰਹੀ ਹੈ।
ਸਰਕਾਰ ਵੱਲੋਂ ਕੀ ਕਦਮ ਚੁੱਕਣੇ ਜ਼ਰੂਰੀ
- ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇਹ ਕਦਮ ਚੁੱਕੇ ਜਾਣ ਦੀ ਲੋੜ
- ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ
- ------ਇਲੈਕਟ੍ਰਿਕ ਵਾਹਨਾਂ ’ਤੇ ਸਬਸਿਡੀ ਵਧਾਉਣ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਣਾ ਚਾਹੀਦਾ
- -------- ਪੁਰਾਣੇ ਅਤੇ ਡੀਜ਼ਲ ਵਾਲੇ ਵਾਹਨਾਂ ’ਤੇ ਪਾਬੰਦੀ ਲਗਾਉਣੀ ਚਾਹੀਦੀ
- ----- ਪਰਾਲੀ ਸਾੜਨ ’ਤੇ ਪਾਬੰਦੀ ਲਗਾਉਣੀ ਜ਼ਰੂਰੀ
- ----- ਕੋਲਾ-ਆਧਾਰਿਤ ਪਾਵਰ ਪਲਾਂਟਸ ਦੀ ਗਿਣਤੀ ਘਟਾਉਣੀ ਚਾਹੀਦੀ
2024 ’ਚ ਜਾਰੀ ਕੀਤੀ ਗਈ ਰਿਪੋਰਟ ਦੇ ਅੰਕੜੇ
ਭਾਰਤ- 1,69,400
ਨਾਈਜੀਰੀਆ- 1,14,100
ਪਾਕਿਸਤਾਨ- 68,100
ਇਥੋਪੀਆ- 31,100
ਬੰਗਲਾਦੇਸ਼- 19,100
ਭਾਰਤ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼, ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 6 ਸ਼ਹਿਰ ਭਾਰਤ ਦੇ ਹਨ।
‘ਜਗ ਬਾਣੀ’ ਵੱਲੋਂ ਪ੍ਰਦੂਸ਼ਣ ਵਿਰੁੱਧ ਚਲਾਈ ਗਈ ਮੁਹਿੰਮ ਵਿਚ ਤੁਸੀਂ ਆਪਣਾ ਯੋਗਦਾਨ ਦੇਣ ਲਈ ਇਸ ਖਬਰ ਨੂੰ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਸ਼ਖ਼ਬਰੀ... Petrol-Diesel ਹੋਵੇਗਾ ਸਸਤਾ! OPEC+ ਦੇ ਫ਼ੈਸਲੇ ਨਾਲ ਘੱਟਣ ਲੱਗੀਆਂ ਤੇਲ ਦੀਆਂ ਕੀਮਤਾਂ
NEXT STORY