ਨਵੀਂ ਦਿੱਲੀ, (ਭਾਸ਼ਾ)- ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ)’ ਦੀਆਂ ਭਾਈਵਾਲ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਨੇ ਮੰਗਲਵਾਰ ਨੂੰ ਇੱਥੇ ਬੈਠਕ ਕੀਤੀ, ਜਿਸ ’ਚ ਅਗਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ, ਸਾਂਝੀਆਂ ਜਨਤਕ ਰੈਲੀਆਂ ਅਤੇ ਨਵੇਂ ਸਿਰੇ ਤੋਂ ਰਣਨੀਤੀ ਬਣਾਉਣ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਪਟਨਾ, ਬੈਂਗਲੁਰੂ ਅਤੇ ਮੁੰਬਈ ਤੋਂ ਬਾਅਦ ਦਿੱਲੀ ’ਚ ਆਯੋਜਿਤ ਕੀਤੀ ਗਈ ਗੱਠਜੋੜ ਦੀ ਇਹ ਚੌਥੀ ਬੈਠਕ ਹੈ।
ਇਹ ਬੈਠਕ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਦੇ ਪਿਛੋਕੜ ’ਚ ਹੋਈ ਹੈ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ’ਚ ਸਕਾਰਾਤਮਕ ਏਜੰਡਾ ਤੈਅ ਕਰਨ, ਸੀਟਾਂ ਦੀ ਵੰਡ, ਨਵੇਂ ਸਿਰੇ ਤੋਂ ਰਣਨੀਤੀ ਬਣਾਉਣ ਅਤੇ ਸਾਂਝੀਆਂ ਜਨਤਕ ਰੈਲੀਆਂ ਬਾਰੇ ਮੁੱਖ ਤੌਰ ’ਤੇ ਚਰਚਾ ਹੋਈ।
ਇਸ ਬੈਠਕ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਸੀ ਕਿ ‘ਇੰਡੀਆ’ ਗੱਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ। ਬਿਹਾਰ ਦੇ ਉਪ-ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਪਹਿਲਾਂ ਗੱਠਜੋੜ ਦੀਆਂ ਜੋ ਕਮੇਟੀਆਂ ਬਣਾਈਆਂ ਗਈਆਂ ਸਨ, ਉਹ ਪਰਦੇ ਪਿੱਛੇ ਕੰਮ ਕਰ ਰਹੀਆਂ ਸਨ ਅਤੇ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ‘ਇੰਡੀਆ’ ਗੱਠਜੋੜ ’ਚ ਭਵਿੱਖੀ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਯਾਦਵ ਨੇ ਕਿਹਾ ਸੀ ਕਿ ਸਾਰਿਆਂ ਦੀ ਭੂਮਿਕਾ ਬਰਾਬਰ ਹੈ ਅਤੇ ਸਾਰਿਆਂ ਦਾ ਸਾਂਝਾ ਉਦੇਸ਼ ਫੁੱਟ ਪਾਊ ਤਾਕਤਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ।
ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦਾ ਇਰਾਦਾ ਏਕਤਾ ਬਰਕਰਾਰ ਰੱਖਦੇ ਹੋਏ ‘ਮੈਂ ਨਹੀਂ, ਅਸੀਂ’ ਦੇ ਨਾਅਰੇ ਨਾਲ ਅੱਗੇ ਵਧਣ ਦਾ ਹੈ। ਅਗਲੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਦਾ ਮੁਕਾਬਲਾ ਕਰਨ ਲਈ 26 ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਗੱਠਜੋੜ ਬਣਾਇਆ ਹੈ।
ਇਹ ਨੇਤਾ ਹੋਏ ਸ਼ਾਮਲ
ਅਸ਼ੋਕ ਹੋਟਲ ’ਚ ਹੋਈ ਇਸ ਬੈਠਕ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਜਨਤਾ ਦਲ (ਯੂ) ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪਾਰਟੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ, ਤ੍ਰਿਣਮੂਲ ਕਾਂਗਰਸ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪਾਰਟੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਰਾਸ਼ਟਰੀ ਜਨਤਾ ਦਲ ਤੋਂ ਲਾਲੂ ਪ੍ਰਸਾਦ ਅਤੇ ਤੇਜਸਵੀ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਊਧਵ ਠਾਕਰੇ ਅਤੇ ਆਦਿਤਿਆ ਠਾਕਰੇ ਸ਼ਾਮਲ ਹਏ।
ਇਨ੍ਹਾਂ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ, ਡੀ. ਐੱਮ. ਕੇ. ਤੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਸੀਨੀਅਰ ਨੇਤਾ ਟੀ. ਆਰ. ਬਾਲੂ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮਹਿਬੂਬਾ ਮੁਫਤੀ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ, ਅਪਨਾ ਦਲ (ਕੇ) ਤੋਂ ਕ੍ਰਿਸ਼ਨਾ ਪਟੇਲ ਅਤੇ ਪੱਲਵੀ ਪਟੇਲ ਨੇ ਹਿੱਸਾ ਲਿਆ।
ਕਾਂਗਰਸ ਨੇ ਬਣਾਈ ਗੱਠਜੋੜ ਕਮੇਟੀ, ਵਾਸਨਿਕ ਹੋਣਗੇ ਕਨਵੀਨਰ
ਕਾਂਗਰਸ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਗੱਠਜੋੜ ਅਤੇ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਲਈ ਮੰਗਲਵਾਰ ਨੂੰ 5 ਮੈਂਬਰੀ ਰਾਸ਼ਟਰੀ ਗੱਠਜੋੜ ਕਮੇਟੀ ਦਾ ਗਠਨ ਕੀਤਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ, ਸੀਨੀਅਰ ਕਾਂਗਰਸੀ ਨੇਤਾ ਮੁਕੁਲ ਵਾਸਨਿਕ ਇਸ ਕਮੇਟੀ ਦੇ ਕਨਵੀਨਰ ਹੋਣਗੇ। ਇਸ ਕਮੇਟੀ ’ਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਪਾਰਟੀ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਅਤੇ ਮੋਹਨ ਪ੍ਰਕਾਸ਼ ਵੀ ਸ਼ਾਮਲ ਹਨ। ਕਾਂਗਰਸ ਨੇ ਵਿਰੋਧੀ ਗੱਠਜੋੜ ‘ਇੰਡੀਆ’ ਦੀ ਬੈਠਕ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਇਸ ਕਮੇਟੀ ਦਾ ਐਲਾਨ ਕੀਤਾ।
ਮੋਰਬੀ ਪੁਲ ਹਾਦਸਾ : ਓਰੇਵਾ ਗਰੁੱਪ ਦੇ ਸੀ. ਐੱਮ. ਡੀ. ਜੈਸੁੱਖ ਦੀ ਜ਼ਮਾਨਤ ਪਟੀਸ਼ਨ ਰੱਦ
NEXT STORY