ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਆਸਟ੍ਰੇਲੀਆ ਦੇ ਸਿਡਨੀ ਵਿੱਚ ਬੌਂਡੀ ਬੀਚ 'ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਘੱਟੋ-ਘੱਟ 12 ਲੋਕ ਮਾਰੇ ਗਏ, ਜਦਕਿ 29 ਹੋਰ ਜ਼ਖਮੀ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਨੇ ਭਾਰਤ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਹ ਹਮਲਾ ਯਹੂਦੀ ਤਿਉਹਾਰ ਹਨੂਕਾਹ (Hanukkah) ਦੇ ਪਹਿਲੇ ਦਿਨ ਹੋਇਆ, ਜਿਸ ਦੌਰਾਨ ਲੋਕ ਬੌਂਡੀ ਬੀਚ 'ਤੇ ਸਮਾਗਮ ਲਈ ਇਕੱਠੇ ਹੋਏ ਸਨ ਤੇ ਬੰਦੂਕਧਾਰੀ ਹਮਲਾਵਰਾਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਤੇ 12 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਹਮਲੇ ਮਗਰੋਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੋਰ ਮਹਾਨਗਰਾਂ ਲਈ ਹਾਈ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਹਨੂਕਾਹ ਦੇ ਤਿਉਹਾਰ ਦੌਰਾਨ ਯਹੂਦੀ ਅਦਾਰਿਆਂ ਨੂੰ ਤੁਰੰਤ ਖਤਰੇ ਦੀ ਚਿਤਾਵਨੀ ਦਿੱਤੀ ਗਈ ਹੈ। ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਦੇਸ਼ ਭਰ ਵਿੱਚ ਯਹੂਦੀ ਅਦਾਰਿਆਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਸਥਾਨਕ ਪੁਲਸ ਸਟੇਸ਼ਨਾਂ ਨੂੰ ਵੀ ਅਲਰਟ ਕਰ ਕੇ ਅੱਤਵਾਦ ਵਿਰੋਧੀ ਯੂਨਿਟਾਂ ਨੂੰ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਇਸ ਹਮਲੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਪੋਸਟ ਸਾਂਝੀ ਕਰ ਕੇ ਦੁੱਖ ਜਤਾਇਆ ਸੀ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, ''ਮੈਂ ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਯਹੂਦੀ ਤਿਉਹਾਰ ਹਨੂਕਾ ਦੇ ਪਹਿਲੇ ਦਿਨ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤ ਦੇ ਲੋਕਾਂ ਵੱਲੋਂ, ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਆਸਟ੍ਰੇਲੀਆ ਦੇ ਲੋਕਾਂ ਨਾਲ ਏਕਤਾ ਵਿੱਚ ਖੜ੍ਹੇ ਹਾਂ। ਭਾਰਤ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਰੱਖਦਾ ਹੈ ਅਤੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ।''
ਜਾਰਡਨ, ਇਥੋਪੀਆ ਤੇ ਓਮਾਨ... ਅੱਜ ਤੋਂ 3 ਦੇਸ਼ਾਂ ਦੀ ਯਾਤਰਾ 'ਤੇ ਜਾਣਗੇ PM ਮੋਦੀ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲਬਾਤ
NEXT STORY