ਮਾਸਕੋ – ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਭਾਰਤ ਦੀ ਤਰੱਕੀ ਕਈ ਦੇਸ਼ਾਂ ਨੂੰ ਚੁਭ ਰਹੀ ਹੈ। ਉਨ੍ਹਾਂ ਭਾਰਤ ਨੂੰ ਗ੍ਰੇਟ ਪਾਵਰ ਦੱਸਿਆ ਅਤੇ ਕਿਹਾ ਕਿ ਪੀ. ਐੱਮ. ਮੋਦੀ ਕਿਸੇ ਦੇ ਦਬਾਅ ’ਚ ਨਹੀਂ ਆਉਂਦੇ। ਉਨ੍ਹਾਂ ਇਹ ਗੱਲ ਮਾਸਕੋ ’ਚ ਕਹੀ। ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਮਿਲ ਕੇ ਦੋਸਤੀ ਦੀ ਨਵੀਂ ਇਬਾਰਤ ਲਿਖਣਗੇ। ਅਮਰੀਕਾ ’ਤੇ ਤੰਜ ਕੱਸਦੇ ਹੋਏ ਪੁਤਿਨ ਨੇ ਕਿਹਾ ਕਿ ਵਾਸ਼ਿੰਗਟਨ ਖੁਦ ਸਾਡੇ ਕੋਲੋਂ ਨਿਊਕਲੀਅਰ ਐਨਰਜੀ ਖਰੀਦਦਾ ਹੈ ਅਤੇ ਫਿਰ ਗਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ। ਅਮਰੀਕਾ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਦਾ ਕਸੂਰਵਾਰ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਪੱਸ਼ਟ ਤੌਰ ’ਤੇ ਦੋਹਰਾ ਰਵੱਈਆ ਹੈ, ਜਿਸ ਨੂੰ ਹੁਣ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਸਮਝ ਰਹੀਆਂ ਹਨ। ਅਸੀਂ ਕਿਸੇ ਦੇ ਦਬਾਅ ’ਚ ਨਹੀਂ ਆਉਂਦੇ। ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ। ਅਸੀਂ ਬਸ ਆਪਣਾ ਹਿੱਤ ਚਾਹੁੰਦੇ ਹਾਂ। ਦੁਨੀਆ ਨੂੰ ਇਸ ਕਦਮ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਭਾਰਤ ਨਾਲ ਅੱਜ ਦੁਨੀਆ ਦਾ ਕੋਈ ਵੀ ਦੇਸ਼ ਉਸ ਤਰ੍ਹਾਂ ਗੱਲ ਨਹੀਂ ਕਰ ਸਕਦਾ ਜਿਵੇਂ 77 ਸਾਲ ਪਹਿਲਾਂ ਕਰਦਾ ਸੀ। ਭਾਰਤ ਅੱਜ ਇਕ ਸ਼ਕਤੀਸ਼ਾਲੀ ਦੇਸ਼ ਹੈ ਅਤੇ ਉਹ ਪਹਿਲਾਂ ਵਾਂਗ ਬ੍ਰਿਟਿਸ਼ ਰਾਜ ਦੇ ਅਧੀਨ ਨਹੀਂ ਹੈ। ਖਾਸ ਤੌਰ ’ਤੇ ਮੋਦੀ ਦੇ ਰਾਜ ’ਚ ਉਹ ਕਿਸੇ ਦੇ ਦਬਅ ’ਚ ਆਉਣ ਵਾਲਾ ਨਹੀਂ। ਭਾਰਤ ਵਾਸੀ ਇਸ ਗੱਲ ’ਤੇ ਮਾਣ ਕਰ ਸਕਦੇ ਹਨ।
ਮਿਲ ਸਕਦੇ ਹਨ ਸੈਮੀ-ਕ੍ਰਾਯੋਜੈਨਿਕ ਇੰਜਣ
ਰੂਸ ਪੁਲਾੜ ਖੇਤਰ ’ਚ ਭਾਰਤ ਦੇ ਨਾਲ ਆਪਣੇ ਸਬੰਧ ਮਜ਼ਬੂਤ ਕਰਦੇ ਹੋਏ ਆਪਣੇ ਸੈਮੀ-ਕ੍ਰਾਯੋਜੈਨਿਕ ਰਾਕੇਟ ਇੰਜਣ ਆਰ. ਡੀ.-191 ਦੀ ਸਪਲਾਈ ਕਰਨ ਅਤੇ ਇਸ ਦੇ ਨਿਰਮਾਣ ਦੀ ਤਕਨੀਕ ਭਾਰਤ ਨੂੰ ਦੇਣ ਲਈ ਤਿਆਰ ਹੈ। ਇਹ ਕਦਮ ਭਾਰਤੀ ਪੁਲਾੜ ਪ੍ਰੋਗਰਾਮਾਂ ਲਈ ਬੇਹੱਦ ਅਹਿਮ ਸਾਬਤ ਹੋ ਸਕਦਾ ਹੈ। ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਡਾਇਰੈਕਟਰ ਜਨਰਲ ਦਿਮਿਤ੍ਰੀ ਬਕਾਨੋਵ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਭਾਰਤ ਨਾਲ ਰਾਕੇਟ ਇੰਜਣ ਦਾ ਸੌਦਾ ਹੋਣ ਵਾਲਾ ਹੈ।
ਉਨ੍ਹਾਂ ਮਨੁੱਖੀ ਪੁਲਾੜ ਉਡਾਣ ਤੇ ਪੁਲਾੜ ਸਟੇਸ਼ਨ ਦੇ ਵਿਕਾਸ ’ਚ ਵੀ ਸਹਿਯੋਗ ਦੀ ਸੰਭਾਵਨਾ ਪ੍ਰਗਟ ਕੀਤੀ। ਹਾਲਾਂਕਿ ਬਕਾਨੋਵ ਨੇ ਇੰਜਣ ਦੀ ਕਿਸਮ ਦਾ ਵਰਣਨ ਨਹੀਂ ਕੀਤਾ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਇਕ ਸੈਮੀ-ਕ੍ਰਾਯੋਜੈਨਿਕ ਇੰਜਣ ਹੋਵੇਗਾ। ਦੋਵਾਂ ਦੇਸ਼ਾਂ ਦਰਮਿਆਨ ਰਾਕੇਟ ਇੰਜਣ ਸੌਦੇ ’ਤੇ ਪਿਛਲੇ ਕੁਝ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ। ਬ੍ਰਹਿਮੋਸ ਤੋਂ ਬਾਅਦ ਇਹ ਰੂਸ ਤੇ ਭਾਰਤ ਵਿਚਾਲੇ ਦੂਜਾ ਪ੍ਰਮੁੱਖ ਸੌਦਾ ਹੋਵੇਗਾ।
ਅਜਿਹੀ ਸੀ ਪਹਿਲੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪਹਿਲੀ ਮੁਲਾਕਾਤ 25 ਸਾਲ ਪਹਿਲਾਂ ਮਾਸਕੋ ’ਚ ਹੋਈ ਸੀ। ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਤੱਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਰੂਸ ਦੇ ਦੌਰੇ ’ਤੇ ਗਏ ਸਨ। ਉਸ ਦੌਰਾਨ ਭਾਰਤ-ਰੂਸ ਸਬੰਧਾਂ ’ਚ ਹੋਰ ਮਜ਼ਬੂਤੀ ਆਈ ਸੀ।
ਅੰਤਰਰਾਸ਼ਟਰੀ ਕਾਲ ਨੂੰ ਲੋਕਲ ਕਾਲ ’ਚ ਬਦਲਣ ਵਾਲਾ ਠੱਗ ਗ੍ਰਿਫਤਾਰ
NEXT STORY