ਨੈਸ਼ਨਲ ਡੈਸਕ- ਗੁਜਰਾਤ ਦੇ ਮੋਰਬੀ ਕਸਬੇ ਦੇ 22 ਸਾਲਾ ਇਕ ਨੌਜਵਾਨ ਨੂੰ ਰੂਸੀ ਫੌਜ ਲਈ ਲੜਦੇ ਹੋਏ ਯੂਕ੍ਰੇਨੀ ਫੌਜ ਨੇ ਫੜ ਲਿਆ ਸੀ। ਉਸ ਨੇ ਇੱਥੇ ਆਪਣੇ ਪਰਿਵਾਰ ਨੂੰ ਇਕ ਹੋਰ ਵੀਡੀਓ ਭੇਜੀ ਹੈ, ਜਿਸ ਵਿਚ ਉਸ ਨੇ ਭਾਰਤ ਸਰਕਾਰ ਨੂੰ ਆਪਣੀ ਰਿਹਾਈ ਵਿਚ ਮਦਦ ਲਈ ਭਾਵਨਾਤਮਕ ਅਪੀਲ ਕੀਤੀ ਹੈ। ਸਾਹਿਲ ਮੁਹੰਮਦ ਹੁਸੈਨ ਮਾਜੋਥੀ ਨਾਮੀ ਵਿਅਕਤੀ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਰਿਹਾਈ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਕੋਲ ਪਰਤ ਸਕੇ।
ਮੋਰਬੀ ਵਿਚ ਰਹਿਣ ਵਾਲੀ ਉਸ ਦੀ ਮਾਂ ਹਸੀਨਾਬੇਨ ਨੂੰ ਉਸ ਦੇ ਮੋਬਾਈਲ ਫੋਨ ’ਤੇ ਮਿਲੇ ਤਾਜ਼ਾ ਵੀਡੀਓ ਵਿਚ ਮਾਜੋਥੀ ਨੂੰ ਇਹ ਦਾਅਵਾ ਕਰਦੇ ਹੋਏ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਰੂਸੀ ਫੌਜ ਵਿਚ ਧੋਖੇ ਨਾਲ ਸ਼ਾਮਲ ਕੀਤਾ ਗਿਆ ਸੀ ਅਤੇ ਅਖੀਰ ਵਿਚ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਦੌਰਾਨ ਉਸ ਨੇ ਯੂਕ੍ਰੇਨੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਅਕਤੂਬਰ ਵਿਚ ਯੂਕ੍ਰੇਨੀ ਫੌਜ ਨੇ ਇਕ ਵੀਡੀਓ ਜਾਰੀ ਕਰ ਕੇ ਮਾਜੋਥੀ ਦੇ ਆਤਮ ਸਮਰਪਣ ਦਾ ਐਲਾਨ ਕੀਤਾ ਸੀ।
ਸਾਹਿਲ ਮੁਹੰਮਦ ਹੁਸੈਨ ਨੇ ਭਾਰਤੀ ਨੌਜਵਾਨਾਂ ਤੋਂ ਕਿਸੇ ਵੀ ਹਾਲਤ ਵਿਚ ਰੂਸੀ ਫੌਜ ਵਿਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ। ਉਸ ਦੀ ਮਾਂ ਨੇ ਬੇਟੇ ਦੀ ਸੁਰੱਖਿਅਤ ਵਾਪਸੀ ਲਈ ਦਿੱਲੀ ਦੀ ਇਕ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ ਵਿਚ ਹੋਵੇਗੀ।
2024 ਵਿਚ ਰੂਸ ਗਿਆ ਸੀ ਪੜ੍ਹਾਈ ਕਰਨ
ਇਕ ਨਵੀਂ ਵੀਡੀਓ ਵਿਚ, ਗੁਜਰਾਤ ਨਿਵਾਸੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ 2024 ਵਿਚ ਇਕ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਲਈ ਰੂਸ ਆਇਆ ਸੀ। ਮਾਜੋਥੀ ਨੇ ਦਾਅਵਾ ਕੀਤਾ ਕਿ ਉਸ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਵਿਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਹੋਰ ਸਜ਼ਾ ਤੋਂ ਬਚਣ ਲਈ ਉਸ ਨੂੰ ਰੂਸੀ ਫੌਜ ਨਾਲ ਇਕ ਸਮਝੌਤੇ ’ਤੇ ਦਸਤਖਤ ਕਰਨ ਦਾ ਮੌਕਾ ਦਿੱਤਾ ਗਿਆ ਸੀ।
ਉਸ ਨੇ ਕਿਹਾ ਕਿ ਹਾਲਾਂਕਿ ਮੈਂ (ਨਸ਼ੀਲੇ ਪਦਾਰਥਾਂ) ਦੇ ਅਪਰਾਧ ਵਿਚ ਸ਼ਾਮਲ ਨਹੀਂ ਸੀ, ਫਿਰ ਵੀ ਮੈਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜੇਲ੍ਹ ਵਿਚ ਰਹਿਣ ਦੌਰਾਨ ਕੁਝ ਰੂਸੀ ਪੁਲਸ ਅਧਿਕਾਰੀਆਂ ਨੇ ਮੈਨੂੰ ਇਕ ਜੰਗੀ ਇਕਰਾਰਨਾਮੇ ’ਤੇ ਦਸਤਖਤ ਕਰਨ ਲਈ ਉਕਸਾਇਆ, ਜੋ ਕਿ ਮੇਰੀ ਸਭ ਤੋਂ ਵੱਡੀ ਗਲਤੀ ਸੀ ਤੇ ਇਸ ਮਗਰੋਂ ਉਸ ਨੂੰ ਜੰਗ ਦੇ ਮੈਦਾਨ 'ਚ ਧੱਕ ਦਿੱਤਾ ਗਿਆ।
‘ਜੀ ਰਾਮ ਜੀ’ ਕਾਨੂੰਨ ਵਿਰੁੱਧ ਕਿਸਾਨਾਂ ਵੱਲੋਂ 16 ਜਨਵਰੀ ਨੂੰ ਦੇਸ਼ ਪੱਧਰੀ ਵਿਰੋਧ ਦਿਵਸ' ਮਨਾਉਣ ਦਾ ਐਲਾਨ
NEXT STORY