ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਸਥਾ (ISRO) ਇਕ ਹੋਰ ਵੱਡੀ ਉਪਲਬਧੀ ਹਾਸਲ ਕਰਨ ਦੇ ਨੇੜੇ ਹੈ। ਮੰਗਲਵਾਰ ਨੂੰ LVM3-M6 ਰਾਕੇਟ ਦੀ ਲਾਂਚਿੰਗ ਲਈ 24 ਘੰਟਿਆਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਰਾਕੇਟ ਅਮਰੀਕਾ ਦੇ ਨਵੀਂ ਪੀੜ੍ਹੀ ਦੇ ਸੰਚਾਰ ਸੈਟੇਲਾਈਟ ਨੂੰ ਪੁਲਾੜ 'ਚ ਲੈ ਕੇ ਜਾਵੇਗਾ। ਇਸ ਇਤਿਹਾਸਕ ਮਿਸ਼ਨ ਨੂੰ ਬੁੱਧਵਾਰ ਸਵੇਰੇ 8:54 ਵਜੇ ਸ਼੍ਰੀਹਰਿਕੋਟਾ ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਣਾ ਤੈਅ ਹੈ।
ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ
ਇਸਰੋ ਮੁਤਾਬਕ, ਇਸ ਵਪਾਰਕ ਮਿਸ਼ਨ ਤਹਿਤ ਭੇਜਿਆ ਜਾ ਰਿਹਾ ਬਲੂਬਰਡ ਬਲਾਕ-2 (Bluebird Block-2) ਸੈਟੇਲਾਈਟ ਬਹੁਤ ਖ਼ਾਸ ਹੈ। 6,100 ਕਿਲੋਗ੍ਰਾਮ ਭਾਰ ਵਾਲਾ ਇਹ ਸੈਟੇਲਾਈਟ LVM3 ਰਾਕੇਟ ਦੇ ਇਤਿਹਾਸ 'ਚ ਲੋਅ ਅਰਥ ਆਰਬਿਟ (LEO) 'ਚ ਸਥਾਪਿਤ ਕੀਤਾ ਜਾਣ ਵਾਲਾ ਸਭ ਤੋਂ ਭਾਰੀ ਪੇਲੋਡ ਹੋਵੇਗਾ। ਇਸ ਤੋਂ ਪਹਿਲਾਂ ਸਭ ਤੋਂ ਭਾਰੀ ਸੈਟੇਲਾਈਟ ਲਗਭਗ 4,400 ਕਿਲੋਗ੍ਰਾਮ ਦਾ ਸੀ, ਜੋ ਨਵੰਬਰ 'ਚ ਲਾਂਚ ਕੀਤਾ ਗਿਆ ਸੀ।

ਸਮਾਰਟਫੋਨਾਂ 'ਤੇ ਸਿੱਧਾ ਮਿਲੇਗਾ 5G ਇੰਟਰਨੈੱਟ
ਇਹ ਮਿਸ਼ਨ ਇਸਰੋ ਦੀ ਵਪਾਰਕ ਸ਼ਾਖਾ ਨਿਊਸਪੇਸ ਇੰਡੀਆ ਲਿਮਟਿਡ (NSIL) ਅਤੇ ਅਮਰੀਕਾ ਸਥਿਤ AST SpaceMobile ਵਿਚਕਾਰ ਹੋਏ ਸਮਝੌਤੇ ਦਾ ਹਿੱਸਾ ਹੈ। ਇਸ ਸੈਟੇਲਾਈਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਦੁਨੀਆ ਭਰ ਦੇ ਸਮਾਰਟਫੋਨਾਂ 'ਤੇ ਸਿੱਧਾ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ (4G ਅਤੇ 5G) ਪ੍ਰਦਾਨ ਕਰੇਗਾ। ਇਸ ਰਾਹੀਂ ਲੋਕ ਕਿਤੇ ਵੀ ਵੌਇਸ ਕਾਲਾਂ, ਟੈਕਸਟ ਅਤੇ ਵੀਡੀਓ ਸਟ੍ਰੀਮਿੰਗ ਦਾ ਆਨੰਦ ਲੈ ਸਕਣਗੇ। ਇਹ ਪੁਲਾੜ 'ਚ ਸਥਾਪਿਤ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਸੰਚਾਰ ਸੈਟੇਲਾਈਟ ਹੈ।
ਰਾਕੇਟ ਦੀ ਤਕਨੀਕੀ ਤਾਕਤ
43.5 ਮੀਟਰ ਉੱਚਾ LVM3 ਰਾਕੇਟ ਤਿੰਨ ਪੜਾਵਾਂ ਵਾਲਾ ਵਾਹਨ ਹੈ, ਜਿਸ 'ਚ ਇਸਰੋ ਦਾ ਸ਼ਕਤੀਸ਼ਾਲੀ ਕ੍ਰਾਇਓਜੈਨਿਕ ਇੰਜਣ ਲੱਗਿਆ ਹੋਇਆ ਹੈ। ਇਸ ਨੂੰ ਉਡਾਣ ਭਰਨ ਲਈ ਲੋੜੀਂਦੀ ਤਾਕਤ 2 S200 ਸੋਲਿਡ ਰਾਕੇਟ ਬੂਸਟਰਾਂ ਤੋਂ ਮਿਲਦੀ ਹੈ। ਉਡਾਣ ਭਰਨ ਦੇ ਲਗਭਗ 15 ਮਿੰਟਾਂ ਬਾਅਦ ਸੈਟੇਲਾਈਟ ਰਾਕੇਟ ਤੋਂ ਵੱਖ ਹੋ ਕੇ ਆਪਣੀ ਮੰਜਿਲ ਵੱਲ ਵਧੇਗਾ।
ਚੇਅਰਮੈਨ ਨੇ ਕੀਤੀ ਪੂਜਾ ਅਰਚਨਾ
ਇਸ ਅਹਿਮ ਲਾਂਚਿੰਗ ਤੋਂ ਪਹਿਲਾਂ, ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ 23 ਦਸੰਬਰ ਨੂੰ ਤਿਰੂਮਾਲਾ ਦੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਮੱਥਾ ਟੇਕਿਆ ਅਤੇ ਮਿਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ AST SpaceMobile ਪਹਿਲਾਂ ਹੀ ਅਜਿਹੇ ਪੰਜ ਸੈਟੇਲਾਈਟ ਲਾਂਚ ਕਰ ਚੁੱਕੀ ਹੈ ਅਤੇ ਦੁਨੀਆ ਭਰ ਦੇ 50 ਤੋਂ ਵੱਧ ਮੋਬਾਈਲ ਆਪਰੇਟਰਾਂ ਨਾਲ ਸਾਂਝੇਦਾਰੀ ਕਰ ਰਹੀ ਹੈ।
ਵੱਡੀ ਵਾਰਦਾਤ: ਘਰ 'ਚੋਂ ਮਿਲੀਆਂ ਇੱਕੋਂ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ, ਪਿਆ ਚੀਕ-ਚਿਹਾੜਾ
NEXT STORY