ਸ਼੍ਰੀਨਗਰ (ਭਾਸ਼ਾ)- ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਰਾਤ ਭਰ ਚੱਲੇ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 5 ਅੱਤਵਾਦੀਆਂ ਨੂੰ ਮਾਰ ਮੁਕਾਇਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਲਗਾਮ ਜ਼ਿਲ੍ਹੇ 'ਚ 18 ਘੰਟੇ ਚੱਲੇ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲਸ ਵੀ.ਕੇ. ਬਿਰਦੀ ਨੇ ਦੱਸਿਆ,"ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇਲਾਕੇ ਦੀ ਤਲਾਸ਼ ਕੀਤੀ ਜਾ ਰਹੀ ਹੈ।" ਬਿਰਦੀ ਨੇ ਦੱਸਿਆ ਕਿ ਡਰੋਨ ਫੁਟੇਜ ਰਾਹੀਂ ਅੱਤਵਾਦੀਆਂ ਦੀਆਂ ਲਾਸ਼ਾਂ ਦਾ ਪਤਾ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਨੇਹਾਮਾ ਪਿੰਡ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਉਸ ਇਲਾਕੇ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਸੀ ਜਿੱਥੇ ਅੱਤਵਾਦੀ ਮੌਜੂਦ ਸਨ ਪਰ ਰਾਤ ਨੂੰ ਕਾਰਵਾਈ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਦੇ ਨੇਹਾਮਾ ਇਲਾਕੇ ਦੇ ਸਮਨੋ 'ਚ ਸ਼ੁੱਕਰਵਾਰ ਤੜਕੇ ਰਾਤ ਭਰ ਸ਼ਾਂਤੀ ਰਹਿਣ ਤੋਂ ਬਾਅਦ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਜਿਸ ਘਰ ਵਿਚ ਅੱਤਵਾਦੀ ਲੁਕੇ ਹੋਏ ਸਨ, ਉਸ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਅੱਤਵਾਦੀਆਂ ਨੂੰ ਬਾਹਰ ਆਉਣਾ ਪਿਆ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸਮੀਰ ਅਹਿਮਦ ਸ਼ੇਖ (ਪੀ.ਏ.ਐੱਫ.ਐੱਫ.), ਯਾਸਿਰ ਬਿਲਾਲ ਭੱਟ, ਦਾਨਿਸ਼ ਅਹਿਮਦ ਠੋਕਰ, ਹੰਜ਼ੁੱਲਾ ਯਾਕੂਬ ਸ਼ਾਹ ਅਤੇ ਉਬੈਦ ਅਹਿਮਦ ਪੈਡਰ (ਟੀ.ਆਰ.ਐੱਫ.) ਵਜੋਂ ਹੋਈ ਹੈ। ਸ਼ੇਖ ਨੇ 2021 'ਚ ਅੱਤਵਾਦ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਸੀ ਜਦਕਿ ਬਾਕੀ ਪਿਛਲੇ ਸਾਲ ਜਾਂ ਇਸ ਸਾਲ ਇਸ 'ਚ ਸ਼ਾਮਲ ਹੋਏ ਸਨ। ਸੁਰੱਖਿਆ ਅਧਿਕਾਰੀਆਂ ਮੁਤਾਬਕ ਪੀ.ਏ.ਐੱਫ.ਐੱਫ. ਅਤੇ ਟੀ.ਆਰ.ਐੱਫ. ਲਸ਼ਕਰ ਦੇ ਫਰੰਟ ਸੰਗਠਨ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਸਾ ’ਤੇ ਲੱਗੇ ਦੋਸ਼ਾਂ ਦਾ ਭਾਜਪਾ ਦੇ ਬੁਲਾਰੇ ਆਰ. ਪੀ. ਸਿੰਘ ਨੇ ਕੀਤਾ ਬਚਾਅ
NEXT STORY