ਨਵੀਂ ਦਿੱਲੀ, (ਬਿਊਰੋ)- ਸੋਸ਼ਲ ਮੀਡੀਆ ’ਤੇ ਕੈਨੇਡੀਅਨ ਮੂਲ ਦੇ ਨਾਗਰਿਕ ਜਗਮਨਦੀਪ ਸਿੰਘ ਵੱਲੋਂ ਜਾਰੀ ਹਜ਼ਾਰਾਂ ਕਰੋੜ ਰੁਪਏ ਦੀ ਡੀਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਵੀਡੀਓ ’ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਆਇਆ ਹੈ। ਇਸ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਸਿਰਸਾ ਨੂੰ ਵੀ ਘੇਰਿਆ ਹੈ।
ਸਿਰਸਾ ਦੇ ਬਚਾਅ ’ਚ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ. ਪੀ. ਸਿੰਘ ਮੈਦਾਨ ’ਚ ਉੱਤਰੇ ਅਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਨਾਲ ਹੀ ਕਿਹਾ ਕਿ ਕੈਨੇਡੀਅਨ ਮੂਲ ਦੇ ਵਿਅਕਤੀ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ, ਤੱਥਹੀਣ ਅਤੇ ਕਾਂਗਰਸ ਦੀ ਚੋਣਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਦਾ ਸਾਲਾਨਾ ਆਡਿਟ ਹੁੰਦਾ ਹੈ ਅਤੇ ਕੋਈ ਵੀ ਆਰ. ਟੀ. ਆਈ. ਰਾਹੀਂ ਉਸ ਦੀ ਜਾਣਕਾਰੀ ਲੈ ਸਕਦਾ ਹੈ।
ਦੱਸ ਦੇਈਏ ਕਿ ਵਾਇਰਲ ਵੀਡੀਓ ’ਚ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਮਾਮਲਾ ਦੱਸਿਆ ਗਿਆ ਹੈ। ਬਾਅਦ ’ਚ ਗੱਲਬਾਤ ਕਰਨ ਵਾਲੇ ਵਿਅਕਤੀ ਨੇ ਵੀਡੀਓ ਜਾਰੀ ਕਰ ਕੇ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਕਿਹਾ ਕਿ ਇਹ 500 ਕਰੋੜ ਦਾ ਨਹੀਂ, 10000 ਕਰੋੜ ਰੁਪਏ ਦਾ ਮਾਮਲਾ ਹੈ। ਦੇਵੇਂਦਰ ਪ੍ਰਤਾਪ ਸਿੰਘ ਤੋਮਰ ਨੇ ਗਾਂਜੇ ਦੀ ਖੇਤੀ ਕਰਨ ਲਈ ਕੈਨੇਡਾ ’ਚ 100 ਏਕੜ ਜ਼ਮੀਨ ਖਰੀਦੀ। ਵੀਡੀਓ ’ਚ ਗੱਲਬਾਤ ਕਰਨ ਵਾਲਾ ਵਿਅਕਤੀ ਆਪਣਾ ਨਾਮ ਜਗਮਨਦੀਪ ਸਿੰਘ ਅਤੇ ਕੈਨੇਡਾ ਦਾ ਵਸਨੀਕ ਦੱਸਦਾ ਹੈ ਅਤੇ ਉਹ ਕੈਨੇਡਾ ’ਚ ਗਾਂਜੇ ਅਤੇ ਭੰਗ ਦੀ ਖੇਤੀ ਕਰਦਾ ਹੈ।
ਆਪਣੀ ਵੀਡੀਓ ’ਚ ਜਗਮਨਦੀਪ ਸਿੰਘ ਨੇ ਦੋਸ਼ ਲਾਇਆ ਹੈ ਕਿ ਪੈਸਿਆਂ ਦਾ ਲੈਣ-ਦੇਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਤਤਕਾਲੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਮਦਦ ਨਾਲ ਹੁੰਦਾ ਸੀ। ਸਿਰਸਾ ਨਕਦੀ ਲੈ ਕੇ ਵਾਇਰ ਰਾਹੀਂ ਇਹ ਪੈਸਾ ਮੰਤਰੀ ਦੇ ਪੁੱਤਰ ਨੂੰ ਦਿੰਦਾ ਸੀ। ਉਹ ਅੱਗੇ ਕਹਿੰਦਾ ਹੈ ਕਿ ਇਹ 500 ਕਰੋੜ ਰੁਪਏ ਦਾ ਨਹੀਂ, ਸਗੋਂ 10,000 ਕਰੋੜ ਰੁਪਏ ਦਾ ਮਾਮਲਾ ਹੈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿੱਖ ਸਿਆਸਤ ਗਰਮਾ ਗਈ।
ਜਿੱਥੇ ਇਕ ਪਾਸੇ ਦਿੱਲੀ ਕਮੇਟੀ ਨੇ ਇਸ ਨੂੰ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਇਸ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਤੁਰੰਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉੱਥੇ ਹੀ, ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਵੀ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਗੁਰੂ ਘਰ ਦੀ ਵਰਤੋਂ ਡਰੱਗਜ਼ ਦੇ ਕਾਰੋਬਾਰ ’ਚ ਕਰਨ ਦਾ ਦੋਸ਼ ਗੰਭੀਰ ਹੈ।
ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਕਾਲਕਾ
ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਜਿਸ ਵਿਅਕਤੀ ਵੱਲੋਂ ਦੋਸ਼ ਲਾਏ ਗਏ ਹਨ, ਉਹ ਬੇਤੁਕੇ ਅਤੇ ਬੇਬੁਨਿਆਦ ਹਨ, ਜਿਨ੍ਹਾਂ ਦਾ ਮੁੱਖ ਮੰਤਵ ਦਿੱਲੀ ਕਮੇਟੀ ਨੂੰ ਬਦਨਾਮ ਕਰਨਾ ਹੈ।
ਕਾਲਕਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਦਿੱਲੀ ਕਮੇਟੀ ਨੂੰ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਲਈ ਐੱਫ. ਸੀ. ਆਰ. ਏ. ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਤਹਿਤ ਹੁਣ ਤੱਕ ਲਗਭਗ ਸਾਢੇ 16 ਕਰੋੜ ਰੁਪਏ ਪ੍ਰਾਪਤ ਹੋਏ ਹਨ। ਐੱਫ. ਸੀ. ਆਰ. ਏ. ਦੇ ਤਹਿਤ 2 ਤਰ੍ਹਾਂ ਦੇ ਖਾਤੇ ਹੁੰਦੇ ਹਨ, ਜਿਨ੍ਹਾਂ ’ਚ ਇਕ ਪੈਸਾ ਪ੍ਰਾਪਤ ਕਰਨ ਲਈ ਅਤੇ ਦੂਜਾ ਖਰਚ ਕਰਨ ਲਈ ਹੁੰਦਾ ਹੈ। ਇਕ-ਇਕ ਰੁਪਏ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਾਪਤ ਅਤੇ ਖਰਚ ਕੀਤਾ ਜਾਂਦਾ ਹੈ।
ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ
NEXT STORY