ਜੰਮੂ, (ਨਿਸ਼ਚੈ)- ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ 2 ਦਿਨਾ ਦੌਰੇ ’ਤੇ ਜੰਮੂ ਪਹੁੰਚੇ। ਉਨ੍ਹਾਂ ਨੇ ਗਣਤੰਤਰ ਦਿਵਸ ਸਮਾਰੋਹ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਅਤੇ ਸਰਹੱਦਾਂ ’ਤੇ ਚੱਲ ਰਹੀਆਂ ਅੱਤਵਾਦ ਵਿਰੋਧੀ ਮੁਹਿੰਮਾਂ ਤੇ ਡਰੋਨ ਘੁਸਪੈਠ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 8 ਜਨਵਰੀ ਨੂੰ ਸੁਰੱਖਿਆ ਫੋਰਸਾਂ ਨੂੰ ਅੱਤਵਾਦੀ ਬੁਨਿਆਦੀ ਢਾਂਚੇ ਅਤੇ ਅੱਤਵਾਦ ਨੂੰ ਹੋਣ ਵਾਲੀ ਫੰਡਿੰਗ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮੁਹਿੰਮਾਂ ਨੂੰ ‘ਮਿਸ਼ਨ ਮੋਡ’ ’ਚ ਜਾਰੀ ਰੱਖਣ ਦੇ ਹੁਕਮ ਦੇਣ ਤੋਂ ਇਕ ਹਫ਼ਤੇ ਬਾਅਦ ਹੋਈ ਹੈ।
ਬੈਠਕ ’ਚ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੈਕਾ, ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ, ਸੀ. ਆਰ. ਪੀ. ਐੱਫ. ਮੁਖੀ ਜੀ. ਪੀ. ਸਿੰਘ ਅਤੇ ਜੰਮੂ-ਕਸ਼ਮੀਰ ਪੁਲਸ ਦੇ ਡੀ. ਜੀ. ਪੀ. ਨਲਿਨ ਪ੍ਰਭਾਤ ਦੇ ਨਾਲ-ਨਾਲ ਫ਼ੌਜ ਦੇ ਸੀਨੀਅਰ, ਪੁਲਸ, ਸਿਵਲ ਅਤੇ ਖ਼ੁਫੀਆ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।
ਡਰੋਨ ਭੇਜਣ ਅਤੇ ਅੱਤਵਾਦੀਆਂ ਦੀ ਮੌਜੂਦਗੀ ਤੋਂ ਬਾਅਦ ਸੁਰੱਖਿਆ ਫੋਰਸਾਂ ਦੀ ਵਿਆਪਕ ਤਲਾਸ਼ੀ ਮੁਹਿੰਮ ਜਾਰੀ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਰਹੱਦ ’ਤੇ ਹਲਚਲ ਵਧੀ ਹੈ, ਜਿਸ ’ਚ ਪਾਕਿਸਤਾਨ ਵੱਲੋਂ ਡਰੋਨ ਭੇਜਣਾ ਅਤੇ ਸਾਂਬਾ ਤੇ ਕਠੂਆ ਜ਼ਿਲਿਆਂ ’ਚ ਅੱਤਵਾਦੀਆਂ ਦੀ ਮੌਜੂਦਗੀ ਤੋਂ ਬਾਅਦ ਡੂੰਘਾਈ ਨਾਲ ਤਲਾਸ਼ੀ ਮੁਹਿੰਮਾਂ ਚਲਾਈਆਂ ਗਈਆਂ ਹਨ।
ਸੁਰੱਖਿਆ ਫੋਰਸਾਂ ਵੱਡੇ ਪੱਧਰ ’ਤੇ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਜੁਟੀਆਂ ਹੋਈਆਂ ਹਨ, ਖ਼ਾਸ ਕਰ ਕੇ ਜੰਮੂ ਦੇ ਦੂਰ-ਦਰਾਡੇ ਵਾਲੇ ਸਰਹੱਦੀ ਖੇਤਰਾਂ, ਪਹਾੜੀ ਅਤੇ ਜੰਗਲੀ ਇਲਾਕਿਆਂ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਖੇਤਰਾਂ ’ਚ ਪਾਕਿਸਤਾਨੀ ਅੱਤਵਾਦੀਆਂ ਸਮੇਤ ਲੱਗਭਗ 3 ਦਰਜਨ ਦੇ ਲੱਗਭਗ ਅੱਤਵਾਦੀ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਘੁਸਪੈਠ ਕਰਨ ਤੋਂ ਬਾਅਦ ਲੁਕੇ ਹੋਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਡਰੋਨ ਸਰਗਰਮੀਆਂ ’ਚ ਵਾਧਾ ਹੋਇਆ ਹੈ। ਖ਼ੁਫੀਆ ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਸੰਘਣੀ ਧੁੰਦ ਦੀ ਆੜ ’ਚ ਘੁਸਪੈਠ ਕਰਨ ਲਈ ਅੱਤਵਾਦੀ ਮੌਕੇ ਦੀ ਉਡੀਕ ਕਰ ਰਹੇ ਹਨ।
ਕਾਰ 'ਚ ਬਲੋਅਰ ਚਲਾਉਣਾ ਬਣ ਸਕਦਾ ਹੈ ਜਾਨਲੇਵਾ, ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦੈ ਭਾਰੀ
NEXT STORY