ਨੈਸ਼ਨਲ ਡੈਸਕ- ਭਾਰਤੀ ਅੰਬਾਂ ਦੇ ਨਿਰਯਾਤ ਖੇਤਰ ਲਈ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਜਾਪਾਨ ਨੇ ਭਾਰਤ ਤੋਂ ਆਉਣ ਵਾਲੀਆਂ ਅੰਬਾਂ ਦੀਆਂ ਪ੍ਰੀਮੀਅਮ ਕਿਸਮਾਂ, ਖਾਸ ਕਰਕੇ ਅਲਫਾਂਸੋ ਅਤੇ ਕੇਸਰ ਦੇ ਆਯਾਤ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਸਮੁੰਦਰੀ ਵਪਾਰ ਜਾਂ ਕਿਸੇ ਸਰਹੱਦੀ ਵਿਵਾਦ ਕਾਰਨ ਨਹੀਂ, ਸਗੋਂ ਭਾਰਤੀ ਅੰਬਾਂ ਦੀ ਗੁਣਵੱਤਾ ਵਿੱਚ ਪਾਈਆਂ ਗਈਆਂ ਕਮੀਆਂ ਕਾਰਨ ਲਿਆ ਗਿਆ ਹੈ।
ਨਿਰੀਖਣ ਦੌਰਾਨ ਪਾਈਆਂ ਗਈਆਂ ਕਮੀਆਂ
ਮੀਡੀਆ ਰਿਪੋਰਟਾਂ ਅਨੁਸਾਰ, ਮਾਰਚ 2026 ਵਿੱਚ ਜਾਪਾਨ ਦੇ 'ਪਲਾਂਟ ਕੁਆਰੰਟੀਨ' ਅਧਿਕਾਰੀਆਂ ਨੇ ਭਾਰਤ ਵਿੱਚ ਟ੍ਰੀਟਮੈਂਟ ਸੈਂਟਰਾਂ ਦਾ ਦੌਰਾ ਕੀਤਾ ਸੀ। ਇਸ ਜਾਂਚ ਦੌਰਾਨ ਅੰਬਾਂ ਨੂੰ ਕੀਟਾਣੂ ਮੁਕਤ ਕਰਨ ਲਈ ਵਰਤੀ ਜਾਣ ਵਾਲੀ 'ਫਿਊਮੀਗੇਸ਼ਨ' ਪ੍ਰਕਿਰਿਆ ਅਤੇ ਸੁਰੱਖਿਆ ਮਾਪਦੰਡਾਂ ਵਿੱਚ ਗੰਭੀਰ ਨੁਕਸ ਪਾਏ ਗਏ। ਦੱਸਣਯੋਗ ਹੈ ਕਿ ਫਿਊਮੀਗੇਸ਼ਨ ਇੱਕ ਵਿਗਿਆਨਕ ਤਕਨੀਕ ਹੈ ਜਿਸ ਵਿੱਚ ਜ਼ਹਿਰੀਲੀ ਗੈਸ ਰਾਹੀਂ ਫਲਾਂ ਦੇ ਕੀੜਿਆਂ ਨੂੰ ਮਾਰਿਆ ਜਾਂਦਾ ਹੈ।
'ਯੋਕੋਹਾਮਾ ਪਲਾਂਟ ਪ੍ਰੋਟੈਕਸ਼ਨ ਐਸੋਸੀਏਸ਼ਨ' ਵੱਲੋਂ ਜਾਰੀ ਬਿਆਨ ਮੁਤਾਬਕ, 25 ਮਾਰਚ, 2026 ਜਾਂ ਉਸ ਤੋਂ ਬਾਅਦ ਜਾਰੀ ਕੀਤੇ ਗਏ ਨਿਰੀਖਣ ਸਰਟੀਫਿਕੇਟਾਂ ਵਾਲੀ ਕਿਸੇ ਵੀ ਖੇਪ ਨੂੰ ਜਾਪਾਨ ਦੀ ਸੀਮਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜਾਪਾਨੀ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਭਾਰਤ ਆਪਣੇ ਪ੍ਰਬੰਧਾਂ ਵਿੱਚ ਸੁਧਾਰ ਨਹੀਂ ਕਰਦਾ, ਇਹ ਪਾਬੰਦੀ ਜਾਰੀ ਰਹੇਗੀ।
ਇਸ ਪਾਬੰਦੀ ਕਾਰਨ ਭਾਰਤ ਦੇ ਸਭ ਤੋਂ ਮਸ਼ਹੂਰ ਅੰਬਾਂ— ਅਲਫਾਂਸੋ, ਕੇਸਰ, ਲੰਗੜਾ ਅਤੇ ਬੰਗਨਪੱਲੀ ਦਾ ਇੱਕ ਵੱਡਾ ਅੰਤਰਰਾਸ਼ਟਰੀ ਬਾਜ਼ਾਰ ਹੱਥੋਂ ਨਿਕਲ ਗਿਆ ਹੈ। ਨਿਰਯਾਤਕਾਂ ਨੇ ਦੱਸਿਆ ਕਿ ਉਹ ਇਸ ਸਮੇਂ ਦੋਹਰੀ ਮਾਰ ਝੱਲ ਰਹੇ ਹਨ। ਇੱਕ ਪਾਸੇ ਜਾਪਾਨ ਵਰਗੇ ਦੇਸ਼ ਨੇ ਦਰਵਾਜ਼ੇ ਬੰਦ ਕਰ ਦਿੱਤੇ ਹਨ, ਅਤੇ ਦੂਜੇ ਪਾਸੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਵਧਣ ਨਾਲ ਮਾਲ ਢੋਆ-ਢੁਆਈ (Freight costs) ਦੀ ਲਾਗਤ ਲਗਭਗ ਦੁੱਗਣੀ ਹੋ ਗਈ ਹੈ।
ਪਿਛਲੇ ਸਾਲ ਤੱਕ ਜੋ ਕਿਰਾਇਆ 250 ਤੋਂ 350 ਰੁਪਏ ਪ੍ਰਤੀ ਕਿਲੋ ਸੀ, ਉਹ ਹੁਣ ਵਧ ਕੇ 580 ਤੋਂ 590 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਭਾਰਤੀ ਕਾਰੋਬਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਰਾਤ ਚੱਲੇਗੀ ਹਨ੍ਹੇਰੀ, ਰੱਜ ਕੇ ਵਰ੍ਹੇਗਾ ਮੀਂਹ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ
NEXT STORY