ਰਾਂਚੀ— ਝਾਰਖੰਡ ਦੇ ਸਿਮਡੇਗਾ ਜ਼ਿਲੇ 'ਚ 2 ਆਦਿਵਾਸੀ ਮਹਿਲਾ ਹਾਕੀ ਖਿਡਾਰਨਾਂ ਦੀਆਂ ਲਾਸ਼ਾਂ ਇਕ ਦਰੱਖਤ ਨਾਲ ਲਟਕੀਆਂ ਮਿਲੀਆਂ ਹਨ। ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਕਤਲ ਦਾ ਦੋਸ਼ ਲਗਾਇਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਦੋਵੇਂ ਮਹਿਲਾ ਹਾਕੀ ਖਿਡਾਰਣਾਂ- ਸੁਨੰਦਿਨੀ ਬਾਗੇ (23) ਅਤੇ ਸ਼ਰਧਾ ਸੋਰੇਂਗਰ (18) ਸ਼ਨੀਵਾਰ ਤੋਂ ਲਾਪਤਾ ਸਨ। ਸਿਮਡੇਗਾ ਜ਼ਿਲੇ ਦੇ ਬੀਰੂ ਪਿੰਡ 'ਚ ਐਤਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਇਕ ਦਰੱਖਤ 'ਤੇ ਲਟਕੀਆਂ ਹੋਈਆਂ ਮਿਲੀਆਂ। ਸੁਨੰਦਿਨੀ ਅਤੇ ਸ਼ਰਧਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਸਜ਼ਾ ਦੀ ਧਾਰਾ 302 (ਕਤਲ) ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਸਿਮਡੇਗਾ ਸਦਰ ਹਸਪਤਾਲ 'ਚ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਉਨ੍ਹਾਂ ਦੇ ਜੱਦੀ ਨਿਵਾਸ ਸਥਾਨਕ 'ਤੇ ਅੰਤਿਮ ਸੰਸਕਾਰ ਕੀਤਾ ਗਿਆ।
ਸਿਮਡੇਗਾ ਦੇ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ 2 ਖਿਡਾਰਨਾਂ ਦੀ ਮੌਤ ਦੇ ਪਿੱਛੇ ਦੇ ਰਹੱਸ ਨੂੰ ਬਹੁਤ ਜਲਦ ਸੁਲਝਾ ਲਿਆ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਤਲ ਦਾ ਮਾਮਲਾ ਹੈ ਜਾਂ ਖੁਦਕੁਸ਼ੀ ਦਾ ਮਾਮਲਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਇਸ ਤਰ੍ਹਾਂ ਦੇ ਖੁਲਾਸੇ ਨਾਲ ਜਾਂਚ 'ਤੇ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ,''ਅਸੀਂ ਝਾਰਖੰਡ ਅਤੇ ਓਡੀਸ਼ਾ ਦੇ ਕਈ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ ਅਤੇ ਕੁਝ ਮਹੱਤਵਪੂਰਨ ਸੁਰਾਗ ਜੁਟਾਏ ਹਨ। ਅਸਲ 'ਚ ਸਾਡੀ ਇਕ ਟੀਮ ਹਾਲੇ ਵੀ ਰਾਉਰਕੇਲਾ 'ਚ ਡੇਰਾ ਲਗਾਏ ਹੋਏ ਹੈ। ਉਨ੍ਹਾਂ ਦੇ ਸ਼ਾਮ ਨੂੰ ਆਉਣ ਦੀ ਉਮੀਦ ਹੈ।''
ਕੁਮਾਰ ਨੇ ਦੱਸਿਆ,''ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਸਾਡੇ ਕੋਲ ਪਹੁੰਚਣ ਦੀ ਉਮੀਦ ਹੈ। ਉਸ ਤੋਂ ਬਾਅਦ ਹੀ ਅਸੀਂ ਕੁਝ ਕਹਿ ਪਾਉਣ ਦੀ ਸਥਿਤੀ 'ਚ ਹੋਵਾਂਗੇ।'' ਸ਼ਰਧਾ ਸਿਮਡੇਗਾ ਜ਼ਿਲੇ ਦੇ ਪਤਰਟੋਲੀ ਪਿੰਡ ਦੀ ਰਹਿਣ ਵਾਲੀ ਸੀ ਅਤੇ ਸੁੰਦਰਗੜ੍ਹ ਜ਼ਿਲੇ ਦੇ ਬੀਰਮਿੱਤਰਪੁਰ 'ਚ ਇਕ ਸਕੂਲ ਦੀ ਵਿਦਿਆਰਥਣ ਸੀ, ਜਦੋਂ ਕਿ ਸੁਨੰਦਿਨੀ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲੇ ਦੇ ਗਿਪੀਟੋਲਾ ਲਚਰਾ ਪਿੰਡ ਦੀ ਰਹਿਣ ਵਾਲੀ ਸੀ। ਦੋਵੇਂ ਰਾਊਰਕੇਲਾ 'ਚ ਇਕ ਹਾਕੀ ਟਰੇਨਿੰਗ ਕੇਂਦਰ 'ਚ ਟਰੇਨਿੰਗ ਲੈਂਦੀਆਂ ਸਨ ਅਤੇ ਦੋਸਤ ਬਣ ਗਈਆਂ ਸਨ। ਐੱਸ.ਪੀ. ਨੇ ਕਿਹਾ,''ਹਾਲਾਂਕਿ ਉਹ ਨਿਯਮਿਤ ਰੂਪ ਨਾਲ ਇਕੱਠੇ ਨਹੀਂ ਰਹਿੰਦੀਆਂ ਸਨ ਪਰ ਉਹ ਦੋਵੇਂ ਸਿਮਡੇਗਾ ਅਤੇ ਸੁੰਦਰਗੜ੍ਹ 'ਚ ਇਕ-ਦੂਜੇ ਦੇ ਘਰ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ।''
ਹਾਂਗਕਾਂਗ 'ਚ ਪ੍ਰਦਰਸ਼ਨ ਨੂੰ ਲੈ ਕੇ ਭਾਰਤ ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY